ਸਵੱਛ ਭਾਰਤ ਮੁਹਿੰਮ 1 ਅਕਤੂਬਰ ਤੋਂ ਸ਼ੁਰੂ ਹੋਵੇਗੀ : ਮਹਿੰਦਰ ਪਾਲ
ਮਾਨਸਾ, 28 ਸਤੰਬਰ 2021 : ਕੇਂਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਵੱਛਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਵੱਛ ਭਾਰਤ ਨਾਮ ਹੇਠ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਬੱਚਤ ਭਵਨ ਵਿਖੇ ਇਸ ਸਬੰਧੀ ਸੱਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਆਯੋਜਿਤ ਹੋਣੀ ਵਾਲੀ ਮੁਹਿੰਮ ਵਿੱਚ ਜ਼ਿਲ੍ਹੇ ਦੇ ਸਾਰੇ ਸਰਕਾਰੀ, ਗੈਰ ਸਰਕਾਰੀ, ਵਿੱਦਿਅਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਯੂਥ ਕਲੱਬਾਂ ਦੇ ਨੌਜਵਾਨਾਂ ਤੋ ਇਲਾਵਾ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਭਾਗ ਲੈਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਜ਼ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਇਸ ਸਬੰਧੀ ਸਟਿੱਕਰ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਪੱਧਰ ’ਤੇ ਸਰਵੋਤਮ ਕੰਮ ਕਰਨ ਵਾਲੇ ਜ਼ਿਲ੍ਹੇ ਨੂੰ ਚੁਣਿਆ ਜਾਵੇਗਾ। ਇਸ ਤੋ ਇਲਾਵਾ ਜ਼ਿਲ੍ਹਾ ਪੱਧਰ ’ਤੇ ਵੀ ਚੰਗਾ ਕੰਮ ਕਰਨ ਵਾਲੀ ਪੰਚਾਇਤ, ਯੂਥ ਕਲੱਬ ਅਤੇ ਵਲੰਟੀਅਰ ਦੀ ਵੀ ਚੋਣ ਕੀਤੀ ਜਾਵੇਗੀ, ਜਿਸ ਨੂੰ ਭਾਰਤ ਸਰਕਾਰ ਵੱਲੋਂ ਸਨਮਾਨ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਵੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਇਸ ਮੁਹਿੰਮ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਨੂੰ ਸੁੰਦਰੀਕਰਨ ਅਤੇ ਪਾਣੀ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਇੱਕ ਮਹੀਨੇ ਦੀ ਪੂਰੀ ਕਾਰਜ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਸਮੂਹ ਸਮਾਜਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਐਸ.ਡੀ.ਐਮ.ਬੁਢਲਾਡਾ ਸ਼੍ਰੀ ਕਾਲਾ ਰਾਮ ਕਾਂਸਲ, ਸਤਨਾਮ ਸਿੰਘ ਸਿੱਧੂ ਐਸ.ਪੀ., ਡਾ.ਬਲਜੀਤ ਕੌਰ ਸਹਾਇਕ ਸਿਵਲ ਸਰਜਨ, ਨਵਨੀਤ ਜੋਸ਼ੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮੌਜੂਦ ਸਨ।