ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਹਰੇਕ ਪਿੰਡ ’ਚ 2 ਅਕਤੂਬਰ ਤੋਂ 14 ਨਵੰਬਰ ਤੱਕ ਕਰਵਾਏ ਜਾਣਗੇ ਪੈਨ ਇੰਡੀਆ ਅਵੇਅਰਨੈੱਸ ਅਤੇ ਆਊਟਰੀਚ ਪ੍ਰੋਗਰਾਮ
ਜਲੰਧਰ, 28 ਸਤੰਬਰ 2021 : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਜ਼ਿਲ੍ਹਾ ਜਲੰਧਰ ਦੇ ਹਰੇਕ ਪਿੰਡ ਵਿਚ 2 ਅਕਤੂਬਰ ਤੋਂ 14 ਨਵੰਬਰ 2021 ਤੱਕ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ ਜਿਵੇਂ ਆਦਮਪੁਰ ਬਲਾਕ ਦੇ 69 ਪਿੰਡਾਂ ਵਿੱਚ 2 ਤੋਂ 7 ਅਕਤੂਬਰ ਤੱਕ, ਬਲਾਕ ਭੋਗਪੁਰ ਦੇ 83 ਪਿੰਡਾਂ ਵਿੱਚ 8 ਤੋਂ 13 ਅਕਤੂਬਰ, ਬਲਾਕ ਜਲੰਧਰ ਪੂਰਬੀ ਦੇ 78 ਪਿੰਡਾਂ ਵਿੱਚ 14 ਤੋਂ 19 ਅਕਤੂਬਰ , ਬਲਾਕ ਜਲੰਧਰ ਪੱਛਮੀ ਦੇ 112 ਪਿੰਡਾਂ ਵਿੱਚ 20 ਤੋਂ 25 ਅਕਤੂਬਰ, ਬਲਾਕ ਸ਼ਾਹਕੋਟ ਦੇ 92 ਪਿੰਡਾਂ ਵਿੱਚ 20 ਤੋਂ 27 ਅਕਤੂਬਰ ਤੱਕ,ਬਲਾਕ ਲੋਹੀਆਂ ਖਾਸ ਦੇ 83 ਪਿੰਡਾਂ ਵਿੱਚ 26 ਤੋਂ 30 ਅਕਤੂਬਰ, ਬਲਾਕ ਮਹਿਤਪੁਰ ਦੇ 59 ਪਿੰਡਾਂ ਵਿੱਚ 31 ਅਕਤੂਬਰ ਤੋਂ 5 ਨਵੰਬਰ 2021 ਤੱਕ, ਬਲਾਕ ਨਕੋਦਰ ਦੇ 89 ਪਿੰਡਾਂ ਵਿੱਚ 6 ਨਵੰਬਰ ਤੋਂ 10 ਨਵੰਬਰ, ਬਲਾਕ ਨੂਰਮਹਿਲ ਦੇ 71 ਪਿੰਡਾਂ ਵਿੱਚ 11 ਨਵੰਬਰ ਤੋਂ 14 ਨਵੰਬਰ ਤੱਕ, ਬਲਾਕ ਫਿਲੌਰ ਦੇ 103 ਪਿੰਡਾਂ ਵਿੱਚ 5 ਤੋਂ 10 ਨਵੰਬਰ ਤੱਕ ਅਤੇ ਬਲਾਕ ਰੂੜਕਾ ਕਲਾਂ ਦੇ 57 ਪਿੰਡਾਂ ਵਿੱਚ 11 ਤੋਂ 14 ਨਵੰਬਰ ਤੱਕ ਜਾਗਰੂਕਤਾ ਕੈਂਪ/ਸੈਮੀਨਾਰ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੇ ਪੈਨਲ ਦੇ ਵਕੀਲਾਂ ਦੇ ਨਾਲ ਪੈਰਾ ਲੀਗਲ ਵਲੰਟੀਅਰਜ਼ ਹਾਜ਼ਰ ਹੋ ਕੇ ਪੰਚਾਇਤਾਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਬੱਚਿਆਂ ਦੇ ਅਧਿਕਾਰਾਂ, ਔਰਤਾਂ ਦੇ ਅਧਿਕਾਰਾਂ, ਮੀਡੀਏਸ਼ਨ, ਪੀੜਤ ਮੁਆਵਜ਼ਾ ਸਕੀਮ ਦੇ ਨਾਲ-ਨਾਲ ਲੋਕਾਂ ਦੇ ਸਮਾਜ ਪ੍ਰਤੀ ਫਰਜ਼ਾਂ ਸੰਬੰਧੀ ਜਾਗਰੂਕ ਕਰਨਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਉਪਰੋਕਤ ਸੰਬੰਧੀ ਲੋੜੀਂਦਾ ਪੱਤਰ ਵਿਹਾਰ ਸਬੰਧਿਤ ਅਧਿਕਾਰੀਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ 11 ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਪੂਰਨ ਸਹਿਯੋਗ ਦੇਣ ਲਈ ਆਖਿਆ।