ਕੰਬਾਇਨ ਮਾਲਕਾਂ ਨੂੰ ਸੁਪਰ ਐਸ.ਐਮ.ਐਸ. ਲਗਾ ਕੇ ਹੀ ਝੋਨੇ ਦੀ ਵਾਢੀ ਕਰਨ ਦੀ ਅਪੀਲ
ਫਾਜ਼ਿਲਕਾ, 25 ਸਤੰਬਰ 2021 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਕੰਬਾਇਨ ਆਪ੍ਰੇਟਰਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਵਾਢੀ ਸੁਪਰ ਐਸ. ਐਮ. ਐਸ. ਲੱਗੀਆਂ ਕੰਬਾਇਨਾਂ ਨਾਲ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਦੀ ਏਅਰ ( ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ 1981 ਦੀ ਧਾਰਾ 31 ਏ ਅਧੀਨ ਪੱਤਰ ਨੰ: 128 ਮਿਤੀ 07-02-2018 ਰਾਹੀਂ ਕੰਬਾਇਨਾਂ ਨਾਲ ਸੁਪਰ ਸਟਰਾਅ ਮੈਨਜ਼ਮੈਂਟ ਸਿਸਟਮ ਅਟੈਚ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਤੋਂ ਬਿਨਾਂ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਕੰਬਾਇਨ ਮਾਲਕਾਂ ਨੂੰ ਲਾਗ ਬੁੱਕ ਮਨਟੈਨ ਕਰਨੀ ਪਵੇਗੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਅਸ਼ਪ੍ਰੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਵਾਢੀ ਸਮੇਂ ਕੰਬਾਇਨਾਂ ਵਿੱਚ ਸੁਪਰ ਐਸ.ਐਮ.ਐਸ. ਸਿਸਟਮ ਜ਼ਰੂਰ ਲੱਗਿਆ ਹੋਵੇ ਜੇਕਰ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਤੋਂ ਬਿਨਾਂ ਕਟਾਈ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਲਾਗ ਬੁੱਕ ਮਨਟੇਨ ਕੀਤੀ ਜਾਵੇ ਅਤੇ ਸਬੰਧਤ ਏਰੀਏ ਦੇ ਮੁੱਖ ਖੇਤੀਬਾੜੀ ਅਫਸਰ ਤੋਂ ਪ੍ਰਵਾਨਗੀ ਲਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੀ ਉਲਘੰਣਾ ਕਰਨ ਵਾਲਿਆਂ ਉਪਰ ਦੀ ਏਅਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ 1981 ਦੀਆਂ ਧਰਾਵਾਂ ਅਧੀਨ ਕਾਰਵਾਈ ਕੀਤੀ ਜਾਵੇਗੀ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕੇਸਾਂ ਵਿੱਚ ਸਬੰਧਤ ਵਿਅਕਤੀ ਅਤੇ ਕੰਬਾਇਨ ਮਾਲਕਾਂ ਤੋਂ ਵਾਤਾਵਰਨ ਹਰਜ਼ਾਨਾਂ ਵਸੂਲਿਆ ਜਾਵੇਗਾ।