26 ਤੋਂ 28 ਸਤੰਬਰ ਤੱਕ ਚੱਲੇਗੀ ਮਾਈਗ੍ਰੇਟਰੀ ਪਲਸ ਪੋਲਿਓ ਮੁਹਿੰਮ
![](https://timespunjab.com/wp-content/uploads/2021/09/PHoto..-2.jpeg)
ਸੰਗਰੂਰ, 24 ਸਤੰਬਰ 2021 : 26 ਸਤੰਬਰ 2021 ਤੋਂ 28 ਸਤੰਬਰ 2021 ਤੱਕ ਚੱਲਣ ਵਾਲੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਿਹਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਹਾਲਾਂਕਿ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ ਪਰ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਨਾਈਜੀਰੀਆ ਵਿਚ ਅਜੇ ਵੀ ਪੋਲੀਓ ਦੇ ਮਾਮਲੇ ਆ ਰਹੇ ਹਨ। ਉਨਾ ਕਿਹਾ ਕਿ ਇਸ ਲਈ ਇਹਿਤਿਆਤ ਵਜੋਂ ਭਾਰਤ ਵਿਚ ਪਲਸ ਪੋਲਿਓ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਪ੍ਰਵਾਸੀ ਆਬਾਦੀ ਦੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਸੰਗਰੂਰ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ 26, 27 ਅਤੇ 28 ਸਤੰਬਰ ਨੂੰ ਸੱਲਮ ਏਰੀਆ, ਝੁੱਗੀਆਂ-ਝੌਪੜੀਆਂ, ਭੱਠੇ ਅਤੇ ਉਸਾਰੀ ਅਧੀਨ ਇਮਾਰਤਾਂ ’ਤੇ ਰਹਿ ਰਹੀ ਆਬਾਦੀ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨਾਂ ਬੱਚਿਆਂ ਦੀ ਪਹਿਲਾਂ ਤੋਂ ਹੀ ਸ਼ਨਾਖਤ ਕਰ ਲਈ ਗਈ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਜਿਲੇ ਦੀ 66962 ਆਬਾਦੀ ਨੂੰ ਕਵਰ ਕੀਤਾ ਜਾਏਗਾ ਅਤੇ 12387 ਘਰਾਂ ਦੇ 10132 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾ ਦੱਸਿਆ ਕਿ ਮਾਈਗਰੇਟਰੀ ਪਲਸ ਪੋਲਿਓ ਮੁਹਿੰਮ ਨੂੰ ਨੇਪਰੇ ਚਾੜਣ ਲਈ 19 ਸੁਪਰਵਾਈਜ਼ਰਾਂ ਅਤੇ 176 ਵਰਕਰਾਂ ਨੂੰ ਲਗਾਇਆ ਗਿਆ ਹੈ।