ਯੂਰਪੀਅਨ ਅਤੇ ਏਸ਼ੀਆਈ ਦੇਸਾਂ ਦਾ ਲਾਘਾਂ ਬਣੇਗਾ ਤਰਨਤਾਰਨ ਜ਼ਿਲ੍ਹਾ : ਡਿਪਟੀ ਕਮਿਸ਼ਨਰ
ਤਰਨਤਾਰਨ, 24 ਸਤੰਬਰ 2021 : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਸਬੰਧੀ ਮਨਾਏ ਜਾ ਰਹੇ ਅੰਮਿ੍ਰਤ ਮਹਾਂਉਤਸਵ ਤਹਿਤ ਉਦਯੋਗ ਤੇ ਸਨਅਤ ਵਿਭਾਗ ਵੱਲੋਂ ਵਿਦੇਸ਼ ਵਪਾਰ ਨਿਰਦੇਸ਼ਆਲਾ ਦੇ ਸਹਿਯੋਗ ਨਾਲ ਉਦਮੀਆਂ ਦੀ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਤਰਨਤਾਰਨ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਯੂਰਪੀਅਨ ਤੇ ਏਸ਼ੀਅਨ ਦੇਸਾਂ ਦੇ ਸੜਕੀ ਲਾਂਘੇ ਇਥੋਂ ਹੋ ਕੇ ਲੰਘਣਗੇ, ਜਿਸ ਨਾਲ ਸਨਅਤ ਤੇ ਵਪਾਰ ਦੇ ਅਥਾਹ ਮੌਕੇ ਪੈਦਾ ਹੋਣਗੇ। ਉਨਾਂ ਕਿਹਾ ਕਿ ਸੂਚਨਾ, ਸਾਇੰਸ ਤੇ ਤਕਨੀਕ ਦੇ ਇਸ ਯੁੱਗ ਵਿਚ ਦੇਸ਼ਾਂ ਅਤੇ ਰਾਜਾਂ ਦੀਆਂ ਹੱਦਾਂ ਨੂੰ ਬਹੁਤਾ ਸਮਾਂ ਬੰਦ ਨਹੀਂ ਰੱਖਿਆ ਜਾ ਸਕਣਾ।
ਇਸ ਲਈ ਜਦੋਂ ਵੀ ਏਸ਼ੀਅਨ ਦੇਸ਼ਾਂ ਵਿਚਾਲੇ ਸੜਕੀ ਸਬੰਧ ਬਣੇ, ਜੋ ਕਿ ਨਿਕਟ ਭਵਿੱਖ ਵਿਚ ਹੀ ਹੋਣੇ ਯਕੀਨੀ ਹਨ, ਤਾਂ ਤਰਨਤਾਰਨ ਵਿਚੋਂ ਸਾਰੀਆਂ ਅੰਤਰਰਾਸ਼ਟਰੀ ਸੜਕਾਂ ਗੁਜਰਨੀਆਂ। ਉਨਾਂ ਉਦਮੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਮੌਕੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਉਲੀਕਣ। ਇਸ ਦੇ ਨਾਲ ਹੀ ਉਨਾਂ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫਤਰ ਵਿਚ ਅਜਿਹਾ ਵਾਤਾਵਰਣ ਸਿਰਜਣ ਜਿੱਥੇ ਆ ਕੇ ਉਦਮੀ ਨੂੰ ਹੱਲਾਸ਼ੇਰੀ ਮਿਲੇ। ਉਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਵਪਾਰ ਤੇ ਉਤਪਾਦਨ ਵਿਚ ਅਸਾਨੀ ਲਈ ਨਿਵੇਸ਼ਕਾਂ ਨੂੰ ਬਹੁਤੀਆਂ ਸੇਵਾਵਾਂ ਬਿਨਾਂ ਦਫਤਰ ਆਏ ਦਿੱਤੀਆਂ ਜਾ ਰਹੀਆਂ ਹਨ, ਪਰ ਜੇਕਰ ਕੋਈ ਤੁਹਾਡੇ ਦਫਤਰ ਆਵੇ ਤਾਂ ਉਹ ਕੁੱਝ ਲੈ ਕੇ ਜਾਵੇ।
ਇਸ ਮੌਕੇ ਬੋਲਦੇ ਡਾਇਰੈਕਟਰ ਜਨਰਲ ਵਿਦੇਸ਼ ਵਪਾਰ ਦੇ ਅਧਿਕਾਰੀ ਸ੍ਰੀ ਪਿ੍ਰਥਵੀ ਰਾਜ ਨੇ ਦੱਸਿਆ ਕਿ ਕੇਵਲ ਤਿੰਨ ਮਿੰਟ ਵਿਚ ਆਨ-ਲਾਈਨ ਦਸਤਵੇਜ਼ ਜਮਾ ਕਰਵਾ ਕੇ ਕੋਈ ਵੀ ਉਦਮੀ ਜਰੂਰੀ ਕੋਡ, ਲਾਇਸੈਂਸ ਲੈ ਸਕਦਾ ਹੈ। ਉਨਾਂ ਦੱਸਿਆ ਕਿ 96 ਫੀਸਦੀ ਵਸਤਾਂ ਵਿਦੇਸ਼ਾਂ ਵਿਚ ਬਿਨਾਂ ਕਿਸੇ ਟੈਕਸ ਦੇ ਭੇਜੀਆਂ ਜਾ ਸਕਦੀਆਂ ਹਨ ਅਤੇ ਕੇਵਲ 4 ਫੀਸਦੀ ਉਤੇ ਥੋੜਾ ਟੈਕਸ ਹੈ।
ਇਸ ਤੋਂ ਇਲਾਵਾ ਬਾਹਰ ਵਸਤਾਂ ਭੇਜਣ ਵਾਲੇ ਉਦਮੀਆਂ ਨੂੰ ਸਰਕਾਰ ਕਈ ਤਰਾਂ ਦੀ ਸਬਸਿਡੀ ਅਤੇ ਸਹੂਲਤਾਂ ਵੀ ਦਿੰਦੀ ਹੈ। ਜਨਰਲ ਮੈਨੇਜਰ ਸ੍ਰੀ ਭਗਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਇਕ ਜਿਲਾ-ਇਕ ਉਤਪਾਦ ਸਕੀਮ ਤਹਿਤ ਜਿਲੇ ਨੂੰ ਨਾਸ਼ਪਤੀ ਦੀ ਪ੍ਰੋਸੈਸਿੰਗ ਲਈ ਚੁਣਿਆ ਹੈ ਅਤੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਅਵਤਾਰ ਸਿੰਘ ਤਨੇਜਾ, ਸ੍ਰੀ ਵਿਨੀਤ ਖੰਨਾ, ਸ. ਗੁਰਭੇਜ ਸਿੰਘ, ਸ. ਤਰਸੇਮ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਾਰ ਬਿਊਰੋ ਸ. ਪ੍ਰਭਜੋਤ ਸਿੰਘ, ਕੌਂਸਲਰ ਭਾਰਤੀ ਸ਼ਰਮਾ, ਸ੍ਰੀ ਸਮਸ਼ੇਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।