ਪੰਜਾਬ ਦਾ ਵਿਕਾਸ ਵੇਖ ਕੇ ਕਸ਼ਮੀਰ ਦੇ ਸਰਪੰਚ ਹੋਏ ਖੁਸ਼
ਜਲਾਲਾਬਾਦ/ਫਾਜ਼ਿਲਕਾ, 23 ਸਤੰਬਰ 2021 : ਜੰਮੂ ਤੋਂ ਨਵੇਂ ਚੁਣੇ 40 ਸਰਪੰਚ ਦੀ ਟੀਮ ਜਿਸ ਵਿੱਚ 12 ਮਹਿਲਾਵਾਂ ਸਰਪੰਚ ਵੀ ਸ਼ਾਮਲ ਸਨ ਬੀਡੀਓ ਕੁਲਦੀਪ ਸ਼ਰਮਾ ਬਲਾਕ ਰਾਮ ਨਗਰ ਜ਼ਿਲ੍ਹਾ ਉੱਧਮਪਰ ਦੀ ਅਗਵਾਈ ਵਿੱਚ ਪੰਚਾਇਤ ਕਾਰਜਸ਼ੈਲੀ ਬਾਰੇ ਜਾਣਕਾਰੀ ਲੈਣ ਲਈ ਪਿੰਡ ਅਮੀਰ ਖਾਸ ਬਲਾਕ ਗੁਰੂਹਰਸਹਾਏ ਤਹਿਸੀਲ ਜਲਾਲਾਬਾਦ ਵਿਖੇ ਸਵੇਰੇ 11 ਵਜੇ ਪੰਹੁਚੀ।
ਸਰਪੰਚ ਪਿੰਡ ਅਮੀਰ ਖਾਸ ਹਰਬੰਸ ਲਾਲ, ਸਮੂਹ ਮੈਂਬਰਾਂ, ਜੀਓਜੀ ਅਤੇ ਨੋਜਵਾਨਾਂ ਵਲੋਂ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਆਸ਼ਾ ਰਾਣੀ ਪਤਨੀ ਸਰਪੰਚ ਹਰਬੰਸ ਲਾਲ ਤੇ ਸਮੂਹ ਮਹਿਲਾਵਾਂ ਵਲੋਂ ਮਹਿਮਾਨ ਮਹਿਲਾ ਸਰਪੰਚਾਂ ਨੂੰ ਸਿਰੋਪਾਓ ਦਿੱਤੇ ਗਏ।
ਜੀਓਜੀ ਤਹਿਸੀਲ ਹੈੱਡ ਕੈਪਟਨ ਅੰਮ੍ਰਿਤ ਲਾਲ ਨੇ ਪੰਚਾਇਤ ਦੁਆਰਾ ਕੀਤੇ ਜਾਣ ਵਾਲੇ ਮਨਰੇਗਾ ਸਕੀਮ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਖਾਸ ਤੌਰ ਤੇ ਪੰਹੁਚੇ ਬੀਡੀਪੀਓ ਸਰਬਜੀਤ ਸਿੰਘ ਬਰਾੜ ਨੇ ਵੀ ਪਿੰਡ ਵਿੱਚ ਪੰਚਾਇਤ ਦੁਆਰਾ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਖਾਸ ਕਰਕੇ ਨੌਜਵਾਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਹੋਰ ਕੰਮ ਕਰਨ ਲਈ ਉਤਸ਼ਾਹ ਦਿੱਤਾ।
ਇਸ ਮੌਕੇ ਪਿੰਡ ਅਮੀਰ ਖਾਸ ਦੇ ਸਰਪੰਚ ਨੇ ਸਮੂਹ ਨਗਰ ਵਲੋਂ ਇਲਾਕੇ ਦੇ ਪੰਚਾ, ਸਰਪੰਚਾਂ ਅਤੇ ਪੰਹੁਚੇ ਪੰਤਵੰਤੇ ਸਜਣਾਂ ਨੂੰ ਜੀ ਆਇਆਂ ਆਖਿਆ ਅਤੇ ਗੁਰਮੀਤ ਸਿੰਘ ਕਾਲੜਾ ਪੰਚਾਇਤ ਸਕਤਰ, ਤਹਿਸੀਲ ਹੈੱਡ ਜੀਓਜੀ, ਨੌਜਵਾਨ ਸਭਾ ਦਾ ਪਿੰਡ ਦੇ ਵਿਕਾਸ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ। ਜੰਮੂ ਤੋ ਆਏ ਸਰਪੰਚਾਂ ਦੀ ਟੀਮ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਆਂਗਣਵਾੜੀ ਸੈਂਟਰ, ਸਰਕਾਰੀ ਡਿਸਪੈਂਸਰੀ, ਮਹਿਲਾਵਾਂ ਦੀ ਜਿਮ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਲੜਕਿਆਂ ਦੀ ਜਿੰਮ, ਪੀਰ ਬਾਬਾ ਮਾਮ ਸ਼ਾਹ ਦੀ ਦਰਗਾਹ, ਸ਼ਮਸ਼ਾਨ ਘਾਟ ਅਤੇ ਥਾਪਰ ਮਾਡਲ ਤਹਿਤ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ।
ਬੀਡੀਪੀਓ, ਸਰਪੰਚ ਹਰਬੰਸ ਲਾਲ ਅਤੇ ਜੀਓਜੀ ਤਹਿਸੀਲ ਹੈੱਡ ਨੇ ਸਰਕਾਰੀ ਸਕੀਮਾਂ ਖਾਸ ਕਰਕੇ ਮਨਰੇਗਾ ਸਕੀਮ ਬਾਰੇ ਪੁੱਛੇ ਗਏ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੋ। ਟੀਮ ਦੇ ਸਾਰੇ ਸਰਪੰਚਾਂ ਨੇ ਸਾਰੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਪੂਰੇ ਕੀਤੇ ਜਾਣ ਦੀ ਖੂਬ ਸ਼ਲਾਘਾ ਕੀਤੀ। ਸੱਭ ਤੋ ਘੱਟ ਉਮਰ 22 ਸਾਲਾ ਸਰਪੰਚ ਸੋਨਾਲੀ ਪੰਚਾਇਤ ਸੁਰਨੀ ਬਲਾਕ ਚਨੁੰਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੋਰੇ ਤੋਂ ਪੰਚਾਇਤ ਪੱਧਰ ਤੇ ਕੰਮ ਕਰਨ ਬਾਰੇ ਭਰਪੂਰ ਜਾਣਕਾਰੀ ਮਿਲੀ ਹੈ। ਗੌਰਤਲਬ ਹੈ ਕਿ ਪਹਿਲਾਂ ਵੀ ਜੰਮੂ-ਕਸ਼ਮੀਰ ਤੋਂ ਪੰਚਾਇਤਾਂ ਦੀਆਂ ਟੀਮਾਂ ਦੋ ਵਾਰ ਇਸ ਪਿੰਡ ਦਾ ਦੌਰਾ ਕਰ ਚੁੱਕੀਆਂ ਹਨ। ਟੀਮ ਇਸ ਵਿਜ਼ਿਟ ਤੋਂ ਕੰਮ ਕਰਨ ਦੇ ਤਰੀਕੇ ਸਿੱਖਣ ਅਤੇ ਮਹਿਮਾਨ ਨਵਾਜ਼ੀ ਲਈ ਧੰਨਵਾਦ ਕਰਦੇ ਹੋਏ ਰਵਾਨਾ ਹੋਈ।