ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਣੇਗਾ ਪਿੰਡ ਵਿਕਾਸ ਪਲਾਨ : ਵਧੀਕ ਡਿਪਟੀ ਕਮਿਸ਼ਨਰ
ਫਾਜ਼ਿਲਕਾ 23 ਸਤੰਬਰ 2021 : ਫਾਜ਼ਿਲਕਾ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਜ਼ਿਲ੍ਹੇ ਦੇ ਸਮੂਹ ਪਿੰਡਾਂ ਦਾ “ਪਿੰਡ ਵਿਕਾਸ ਪਲਾਨ” ਤਿਆਰ ਹੋਵੇਗਾ ਤਾਂ ਜੋ ਇਸੇ ਅਨੁਸਾਰ ਪਿੰਡਾਂ ਦੇ ਵਿਕਾਸ ਨੂੰ ਸਾਕਾਰ ਰੂਪ ਦਿੱਤਾ ਜਾ ਸਕੇ। ਇਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਨੇ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਇਕ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ 15ਵੇਂ ਵਿੱਤ ਆਯੋਗ ਵੱਲੋਂ ਹਰੇਕ ਪਿੰਡ ਨੂੰ ਅਬਾਦੀ ਦੇ ਅਨੁਪਾਤ ਵਿੱਚ ਸਲਾਨਾ ਗਰਾਂਟ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਵਿਅਕਤੀ ਇਹ ਗ੍ਰਾਂਟ 394 ਰੁਪਏ ਹੈ ਜ਼ੋ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਦਿੱਤੀ ਜਾਂਦੀ ਹੈ। ਇਸ ਗ੍ਰਾਂਟ ਨਾਲ ਪਿੰਡਾਂ ਦਾ ਸਹੀ ਅਤੇ ਪਾਰਦਰਸ਼ੀ ਤਰੀਕੇ ਨਾਲ ਵਿਕਾਸ ਹੋਵੇ, ਇਸ ਲਈ ਲਾਜ਼ਮੀ ਹੈ ਕਿ ਕਰਵਾਏ ਜਾਣ ਵਾਲੇ ਕੰਮਾਂ ਦੀ ਪਹਿਲਾਂ ਤੋਂ ਯੋਜਨਾਬੰਦੀ ਹੋਵੇ। ਇਸੇ ਲਈ ਪਿੰਡ ਵਿਕਾਸ ਪਲਾਨ ਤਿਆਰ ਕੀਤਾ ਜਾਵੇਗਾ।
ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਤਹਿਤ ਮਿਲਣ ਵਾਲੀ ਗ੍ਰਾਂਟ ਦਾ 40 ਫੀਸਦ ਹਿੱਸਾ ਬੰਧਨ ਮੁਕਤ ਅਤੇ 60 ਫੀਸਦੀ ਹਿੱਸਾ ਬੰਧਨ ਯੁਕਤ ਗ੍ਰਾਂਟ ਵਜੋਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ 60 ਫੀਸਦੀ ਹਿੱਸੇ ਵਿਚੋਂ ਅੱਧੀ ਰਕਮ ਪਿੰਡਾਂ ਵਿੱਚ ਥਾਪਰ ਮਾਡਲ ਨਾਲ ਗੰਦੇ ਪਾਣੀ ਦੇ ਨਿਪਟਾਰੇ ਲਈ ਅਤੇ ਠੋਸ ਕਚਰੇ ਦੇ ਪ੍ਰਬੰਧਨ ਲਈ ਖਰਚ ਕੀਤੀ ਜਾਵੇਗੀ ਜਦਕਿ ਬਾਕੀ ਅੱਧੀ ਰਕਮ ਪੀਣ ਵਾਲੇ ਪਾਣੀ ਨਾਲ ਸਬੰਧਤ ਵਾਟਰ ਵਰਕਸਾਂ ਦੇ ਬਿੱਲ ਅਦਾਇਗੀ, ਹਰ ਘਰ ਨਿੱਲ ਸਕੀਮ ਨਾਲ ਸਬੰਧਤ ਕੰਮਾਂ, ਸਰਕਾਰੀ ਇਮਾਰਤਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਆਦਿ ਵਰਗੇ ਕੰਮਾਂ ਤੇ ਖਰਚ ਕੀਤੀ ਜਾਣੀ ਹੈ, ਜਦਕਿ ਬਾਕੀ ਦੀ 40 ਫੀਸਦੀ ਗ੍ਰਾਂਟ ਰਾਹੀਂ ਆਂਗਣਵਾੜੀ ਸੈਂਟਰ, ਸਕੂਲਾਂ, ਯੂਥ ਲਾਇਬ੍ਰੇਰੀਆਂ ਆਦਿ ਦੇ ਪ੍ਰਬੰਧਾਂ ਤੇ ਖਰਚ ਕੀਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਾਲੂ ਸਾਲ ਦਾ ਪਿੰਡ ਵਿਕਾਸ ਪਲਾਨ ਪੰਚਾਇਤ ਨਾਲ ਤਾਲਮੇਲ ਕਰਕੇ 29 ਸਤੰਬਰ ਤੱਕ ਅਤੇ ਅਗਲੇ ਵਿੱਤੀ ਸਾਲ ਦਾ ਪਿੰਡ ਵਿਕਾਸ ਪਲਾਨ 15 ਅਕਤੂਬਰ ਤੱਕ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਰਜ ਤੇ “ਬਲਾਕ ਵਿਕਾਸ ਪਲਾਨ” ਅਤੇ ਜ਼ਿਲ੍ਹਾ ਪ੍ਰੀਸ਼ਦ ਵਿਕਾਸ ਪਲਾਨ ਵੀ ਤਿਆਰ ਕੀਤਾ ਜਾਵੇਗਾ।