ਮੁੱਖ ਮੰਤਰੀ ਵੱਲੋਂ ਉੱਘੇ ਪੱਤਰਕਾਰ ਸੁਰਿੰਦਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ, 23 ਸਤੰਬਰ 2021 : ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪੰਜਾਬੀ ਟਿ੍ਰਬਿਊਨ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ (68) ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ, ਜਿਨਾਂ ਦਾ ਅੱਜ ਸਵੇਰੇ ਲੰਮੀ ਬਿਮਾਰੀ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
ਆਪਣੇ ਸ਼ੋਕ ਸੰਦੇਸ਼ ਵਿੱਚ, ਮੁੱਖ ਮੰਤਰੀ ਨੇ ਸੁਰਿੰਦਰ ਸਿੰਘ ਨੂੰ ਇੱਕ ਸਮਰਪਿਤ ਪੱਤਰਕਾਰ ਅਤੇ ਚੰਗੇ ਗੁਣਾਂ ਵਾਲਾ ਇੱਕ ਵਧੀਆ ਇਨਸਾਨ ਦੱਸਿਆ ਜੋ ਕਿ ਆਪਣੇ ਕਿੱਤੇ ਦੇ ਅਸੂਲਾਂ ਉੱਤੇ ਹਮੇਸ਼ਾ ਪਹਿਰਾ ਦਿੰਦੇ ਸਨ ਅਤੇ ਉਨਾਂ ਦੁਆਰਾ ਆਪਣੀ ਲੇਖਣੀ ਰਾਹੀਂ ਪੰਜਾਬੀ ਕਲਾ ਤੇ ਸੱਭਿਆਚਾਰ ਦੇ ਪ੍ਰਚਾਰ ਵਿਚ ਪਾਏ ਯੋਗਦਾਨ ਨੂੰ ਸਭਨਾਂ ਵੱਲੋਂ ਯਾਦ ਰੱਖਿਆ ਜਾਵੇਗਾ।
ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ, ਮੁੱਖ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।