ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਜ਼ਮੀਨ ਦੀ ਜੈਵਿਕ ਸਿਹਤ ਵਿਚ ਹੁੰਦਾ ਸੁਧਾਰ : ਡਾ. ਮਨਦੀਪ ਸਿੰਘ
![](https://timespunjab.com/wp-content/uploads/2021/09/Photo-KVK-1-22-09-2021-1024x682.jpeg)
ਸੰਗਰੂਰ, 22 ਸਤੰਬਰ 2021 : ਝੋਨੇ ਦੀ ਪਰਾਲੀ ਦੀ ਯੋਗ ਸਾਂਭ-ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਕਿ੍ਰਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਪਿੰਡ ਬਿਗੜਵਾਲ ਅਤੇ ਕੁਲਾਰ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਇਹ ਜਾਣਕਾਰੀ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਿਸ਼ੀ ਵਿਗਿਆਨ ਕੇਂਦਰ ਖੇੜੀ ਡਾ. ਮਨਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਨਾਲ ਹੀ ਜ਼ਮੀਨ ਵਿੱਚ ਮੌਜੂਦ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪਰਾਲੀ ਦੀ ਖੇਤ ਵਿੱਚ ਹੀ ਯੋਗ ਸਾਂਭ-ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਤਰ੍ਹਾਂ ਦੀ ਖੇਤੀ ਮਸ਼ੀਨਰੀ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਵਾਪਸ ਖੇਤ ਵਿੱਚ ਹੀ ਸੁਖਾਲੇ ਤਰੀਕੇ ਨਾਲ ਮਿਲਾਇਆ ਜਾ ਸਕਦਾ ਹੈ ਜਾਂ ਮਲਚ ਦੇ ਤੌਰ ਤੇ ਕੰਮ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਗਲਣ ਉਪਰੰਤ ਖਾਦ ਬਣ ਜਾਂਦੀ ਹੈ ਜਿਸ ਨਾਲ ਜ਼ਮੀਨ ਦੀ ਜੈਵਿਕ ਸਿਹਤ ਵਿੱਚ ਸੁਧਾਰ ਆਉਂਦਾ ਹੈ।
ਇਸ ਮੌਕੇ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਡਾ. ਸੁਨੀਲ ਕੁਮਾਰ ਨੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ, ਉਲਟਾਵੇਂ ਹਲ, ਮਲਚਰ, ਚੌਪਰ, ਜ਼ੀਰੋ ਟਿਲ ਡਰਿੱਲ, ਕਟਰ-ਕਮ-ਸਪਰੈਡਰ ਆਦਿ ਦੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸ਼ੀਨ ਦੀ ਚੰਗੀ ਕਾਰਜ਼ੁਗਾਰੀ ਲਈ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਵਾਲੀ ਕੰਬਾਈਨ ਤੋਂ ਕਰਵਾਉਣਾ ਬਹੁਤ ਜ਼ਰੂਰੀ ਹੈ। ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਅਸ਼ੋਕ ਕੁਮਾਰ ਨੇ ਮਿੱਟੀ-ਪਾਣੀ ਪਰਖ ਅਤੇ ਕਣਕ ਦੇ ਬੀਜ ਦੀ ਸੋਧ ਲਈ ਵਰਤੇ ਜਾਣ ਵਾਲੇ ਜੀਵਾਣੂ ਖਾਦ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਖੁੰਬਾਂ ਦੀ ਕਾਸ਼ਤ ਵਿੱਚ ਪਰਾਲੀ ਦੀ ਵਰਤੋਂ ਬਾਰੇ ਦੱਸਿਆ।