ਅਕਤੂਬਰ ਮਹੀਨੇ ਵਿਚ ਚੱਲੇਗਾ ਪਲਾਸਟਿਕ ਕਚਰੇ ਦੇ ਨਿਪਟਾਰੇ ਦਾ ਮਹਾਂ ਅਭਿਆਨ : ਡਿਪਟੀ ਕਮਿਸ਼ਨਰ
ਫਾਜਿ਼ਲਕਾ, 22 ਸਤੰਬਰ 2021 : ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਅਕਤੂਬਰ ਮਹੀਨੇ ਦੌਰਾਨ ਜਿ਼ਲ੍ਹਾ ਫਾਜਿ਼ਲਕਾ ਵਿਚ ਪਲਾਸਟਿਕ ਕਚਰੇ ਦੇ ਨਿਪਟਾਰੇ ਲਈ ਮਹਾਂਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਇਕ ਮਹੀਨੇ ਦੌਰਾਨ ਜਨ ਭਾਗੀਦਾਰੀ ਨਾਲ ਪਲਾਸਟਿਕ ਕੂੜਾ ਇੱਕਤਰ ਕੀਤਾ ਜਾਵੇਗਾ ਤਾਂ ਜ਼ੋ ਅਸੀਂ ਆਪਣੇ ਜਿ਼ਲ੍ਹੇ ਨੂੰ ਸਾਫ ਸੁਥਰਾ ਕਰ ਸਕੀਏ।ਇਹ ਅਭਿਆਨ ਦੇਸ਼ ਦੇ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਅਜਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਚਲਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਇਸ ਅਭਿਆਨ ਦੇ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਭਿਆਨ ਪਿੰਡਾਂ ਅਤੇ ਸ਼ਹਿਰਾਂ ਵਿਚ ਬਰਾਬਰ ਚੱਲੇਗਾ। ਹਰੇਕ ਪਿੰਡ ਤੋਂ ਵੀ ਘੱਟੋਂ ਘੱਟ 12 ਕਿਲੋ ਪਲਾਸਟਿਕ ਕਚਰਾ ਇੱਕਠਾ ਕਰਨ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਵਿਚ ਨਹਿਰੂ ਯੂਵਾ ਕੇਂਦਰ, ਯੂਥ ਕੱਲਬ, ਪੰਚਾਇਤਾਂ, ਐਨਐਸਐਸ ਵੰਲਟੀਅਰ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਸਮਾਜ ਸੇਵਾ ਵਿਚ ਲੱਗੇ ਲੋਕ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇੱਕਠੇ ਕੀਤੇ ਕਚਰੇ ਨੂੰ ਇਕ ਥਾਂ ਇੱਕਠਾ ਕੀਤਾ ਜਾਵੇਗਾ ਤਾਂ ਜ਼ੋ ਉਸਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਹੋ ਸਕੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਕਚਰਾ ਸਾਡੇ ਚੌਗਿਰਦੇ ਲਈ ਵੱਡਾ ਖਤਰਾ ਹੈ ਅਤੇ ਇਹ ਸਦੀਆਂ ਤੱਕ ਨਸ਼ਟ ਨਹੀਂ ਹੁੰਦਾ ਹੈ ਅਤੇ ਵਾਤਾਵਰਨ ਲਈ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਜਾਰ ਵਿਚ ਜਾਂਦੇ ਸਮੇਂ ਆਪਣੇ ਨਾਲ ਕਪੜੇ ਦਾ ਥੈਲਾ ਲੈ ਕੇ ਜਾਣ ਦੀ ਆਦਤ ਪਾਉਣੀ ਚਾਹੀਦੀ ਹੈ।ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਇਸ ਮਹਾਂ ਸਫਾਈ ਅਭਿਆਨ ਵਿਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਵੀ ਹਾਜਰ ਸਨ।