ਜੈਵਿਕ ਖੇਤੀ ਕਰ ਕੇ ਰਣਧੀਰ ਸਿੰਘ ਬਣਿਆ ਮਿਸਾਲ

0
ਫਤਹਿਗੜ੍ਹ ਸਾਹਿਬ/ ਅਮਲੋਹ, 21 ਸਤੰਬਰ 2021 :  ਰਣਧੀਰ ਸਿੰਘ ਪੁੱਤਰ ਸਰਵਣ ਸਿੰਘ, ਪਿੰਡ ਸਲਾਣਾ ਜੀਵਣ ਸਿੰਘ ਵਾਲਾ ਦਾ ਇੱਕ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਹੈ। ਇਸ ਕਿਸਾਨ ਕੋਲ ਕੁੱਲ ਆਪਣੀ 17 ਕਿਲੇ ਜਮੀਨ ਹੈ, ਜਿਸ ਵਿੱਚੋਂ ਉਹ 5 ਕਿਲਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਜੈਵਿਕ ਖੇਤੀ ਕਰਦਾ ਆ ਰਿਹਾ ਹੈ। ਜਿੱਥੇ ਇਹ ਕਿਸਾਨ ਜੈਵਿਕ ਖੇਤੀ ਕਰਕੇ ਨਾ ਸਿਰਫ ਵੱਧ ਮੁਨਾਫਾ ਕਮਾ ਰਿਹਾ ਹੈ, ਬਲਕਿ ਜਹਿਰ ਰਹਿਤ ਉਪਜ ਪੈਦਾ ਕਰਕੇ ਲੋਕਾਂ ਨੂੰ ਚੰਗੀ ਅਤੇ ਪੋਸ਼ਟਿਕ ਖੁਰਾਕ ਵੀ ਮੁਹੱਈਆ ਕਰਵਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਨੇ ਦੱਸਿਆ ਕਿ ਰਣਧੀਰ ਸਿੰਘ ਨੇ ਪਿਛਲੇ 08 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂਹੰਦ ਨੂੰ ਵੀ ਅੱਗ ਨਹੀ ਲਗਾਈ। ਇਹ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਿਛਲੇ ਕਈ ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਹਨਾਂ ਕਾਰਜਾਂ ਰਾਹੀਂ ਉਹ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ।
ਰਣਧੀਰ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ , ਫਤਹਿਗੜ੍ਹ ਸਾਹਿਬ ਨਾਲ ਜੁੜਿਆ ਹੋਇਆ ਹੈ। ਫਸਲੀ ਵਿਭਿੰਨਤਾ ਨੂੰ ਸਮਝਦਾ ਹੋਇਆਂ 2 ਤੋਂ 3 ਕਿੱਲਿਆਂ ਵਿੱਚ ਗੰਨੇ ਦੀ ਖੇਤੀ ਵੀ ਕਰਦਾ ਹੈ ਅਤੇ ਕੀੜਿਆਂ ਦੀ ਰੋਕਥਾਮ ਲਈ ਸਪਰੇਆਂ ਦੀ ਬਜਾਇ ਟਰਾਈਕੋਕਾਰਡ ਵਰਤਦਾ ਹੈ ਅਤੇ ਖੇਤੀ ਦੇ ਖਰਚਿਆਂ ਨੂੰ ਘਟਾਊਂਦਾ ਹੈ ਅਤੇ ਵੱਖ ਵੱਖ ਫਸਲਾਂ ਜਿਵੇਂ ਹਲਦੀ, ਕਾਲੀ ਕਣਕ, ਮੂੰਗੀ, ਛੋਲੇ ਆਦਿ ਦੀ ਖੇਤੀ ਵੀ ਕਰਦਾ ਹੈ ਇਹ ਕਿਸਾਨ ਗੰਡੋਇਆਂ ਦੀ ਖਾਦ ਵੀ ਤਿਆਰ ਕਰਦਾ ਹੈ ਜੋ ਕਿ ਜਮੀ਼ਨ ਦੀ ਉਪਜਾਊ ਸ਼ਕਤੀ ਨੂੰ ਵਧਾਉੁਣ ਵਿੱਚ ਸਹਾਈ ਹੁੰਦੀ ਹੈ।
ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਪਿਛਲੇ 5 ਸਾਲਾਂ ਤੋਂ ਲਗਾਤਾਰ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਦੇ ਕੰਮ ਵੀ ਕਰਦਾ ਹੈ ਅਤੇ ਮੁਨਾਫਾ ਕਮਾ ਰਿਹਾ ਹੈ। ਇਹਨਾਂ ਵੱਲੋਂ ਸਮੇਂ ਸਮੇਂ ਤੇ ਹੋਣ ਵਾਲੇ ਜਿਲ੍ਹਾ ਪੱਧਰੀ ਪਸ਼ੂ ਧਨ ਨਸਲ ਸੁਧਾਰ ਅਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਜਾਂਦਾ ਹੈ। ਰਣਧੀਰ ਸਿੰਘ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ।
ਇਸ ਕਿਸਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਰਗੈਨਿਕ ਖੇਤੀ ਦੀ ਟ੍ਰੇਨਿੰਗ ਹਾਸਿਲ ਕੀਤੀ ਹੈ ਸਾਲ 2018-19 ਦੌਰਾਨ ਆਜਾਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ ਜੀ ਵੱਲੋਂ ਤੰਦਰੁਸਤ ਪੰਜਾਬ ਤਹਿਤ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰਣਧੀਰ ਸਿੰਘ ਚੰਗੀ ਸੋਚ ਰੱਖਣ ਕਾਰਨ ਇਲਾਕੇ ਦੇ ਹੋਰ ਕਿਸਾਨਾਂ ਲਈ ਮਿਸਾਲ ਤੇ ਪ੍ਰੇਰਣਾ ਦਾ ਸਰੋਤ ਹੈ।

About The Author

Leave a Reply

Your email address will not be published. Required fields are marked *