ਐਨਜੀਟੀ ਦੀ ਨਿਗਰਾਨ ਕਮੇਟੀ ਵੱਲੋਂ ਇਤਿਹਾਸਕਾਰ ਲਛਮਣ ਦੋਸਤ ਦਾ ਧੀਆਂ ਸਮੇਤ ਸਨਮਾਨ
ਫਾਜਿ਼ਲਕਾ, 21 ਸਤੰਬਰ 2021 : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਚੇਅਰਮੈਨ ਜਸਟਿਸ ਸ: ਜਸਬੀਰ ਸਿੰਘ ਰਿਟਾ: ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਚੇਅਰਮੈਨਸਿ਼ਪ ਵਿਚ ਗਠਿਤ ਨਿਗਰਾਨ ਕਮੇਟੀ ਵੱਲੋਂ ਅੱਜ ਫਾਜਿ਼ਲਕਾ ਜਿ਼ਲ੍ਹੇ ਦੇ ਦੌਰੇ ਦੌਰਾਨ ਫਾਜਿ਼ਲਕਾ ਦੇ ਇਤਿਹਾਸਕਾਰ ਸ੍ਰੀ ਲੱਛਮਣ ਦੋਸਤ, ਉਨ੍ਹਾਂ ਦੀ ਪਤਨੀ ਅਤੇ ਦੋ ਧੀਆਂ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਲੱਛਮਣ ਦੋਸਤ ਦੇ ਪਰਿਵਾਰ ਵੱਲੋਂ ਕੰਧ ਚਿੱਤਰਾਂ ਰਾਹੀਂ ਚੌਗਿਰਦੇ ਦੀ ਸੰਭਾਲ ਲਈ ਫੈਲਾਈ ਜਾ ਰਹੀ ਜਾਗਰੂਕਤਾ ਲਈ ਦਿੱਤਾ ਗਿਆ।
ਇਹ ਸਨਮਾਨ ਪੱਤਰ ਕਮੇਟੀ ਦੇ ਚੇਅਰਮੈਨ ਜ਼ਸਟਿਸ ਸ: ਜ਼ਸਬੀਰ ਸਿੰਘ ਰਿਟਾ: ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਕਮੇਟੀ ਮੈਂਬਰ ਸ੍ਰੀ ਐਸ ਸੀ ਅਗਰਵਾਲ ਰਿਟਾ: ਮੁੱਖ ਸਕੱਤਰ ਹਰਿਆਣਾ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ: ਬਾਬੂ ਰਾਮ ਵੱਲੋਂ ਲੱਛਮਣ ਦੋਸਤ ਦੇ ਪਰਿਵਾਰ ਨੂੰ ਦਿੱਤੇ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਵੀ ਹਾਜਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਸਟਿਸ ਸ: ਜ਼ਸਬੀਰ ਸਿੰਘ ਨੇ ਕਿਹਾ ਕਿ ਲੱਛਮਣ ਦੋਸਤ ਅਤੇ ਉਸਦੀਆਂ ਧੀਆਂ ਵੱਲੋਂ ਜਿ਼ਲ੍ਹੇ ਵਿਚ ਆਪਣੀ ਕੰਧ ਚਿੱਤਰਕਾਰੀ ਨਾਲ ਸਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਇੰਨ੍ਹਾਂ ਵੱਲੋਂ ਆਪਣੇ ਸ਼ਹਿਰ ਦੀ ਸਵੱਛਤਾ ਲਈ ਜਿਸ ਤਰਾਂ ਕੰਮ ਕੀਤਾ ਗਿਆ ਹੈ ਹੋਰਨਾਂ ਨਾਗਰਿਕਾਂ ਨੂੰ ਵੀ ਉ੍ਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਹਰੇਕ ਸ਼ਹਿਰੀ ਆਪਣੇ ਚੌਗਿਰਦੇ ਪ੍ਰਤੀ ਸੁਚੇਤ ਹੋਵੇਗਾ ਤਾਂਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਵਾਤਾਵਰਨ ਛੱਡ ਕੇ ਜਾਵਾਂਗੇ।
ਜਿਕਰਯੋਗ ਹੈ ਕਿ ਲੱਛਮਣ ਦੋਸਤ ਜਿੰਨ੍ਹਾਂ ਨੇ ਫਾਜਿ਼ਲਕਾ ਦੇ ਇਤਿਹਾਸ ਨੂੰ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਤ ਵੀ ਕਰਵਾਇਆ ਹੈ ਨੇ ਆਪਣੀ ਪਤਨੀ ਸੰਤੋਸ਼ ਚੌਧਰੀ ਅਤੇ ਦੋਹਾਂ ਧੀਆਂ ਤੰਮਨਾਂ ਅਤੇ ਜੰਨਤ ਕੰਬੋਜ਼ ਨਾਲ ਮਿਲ ਕੇ ਕੁਝ ਵਰ੍ਹਿਆਂ ਤੋਂ ਫਾਜਿ਼ਲਕਾ ਦੀਆਂ ਪ੍ਰਮੁੱਖ ਜਨਤਕ ਥਾਵਾਂ ਨੂੰ ਕੰਧ ਚਿੱਤਰਾਂ ਨਾਲ ਸਾਫ ਸੁਥਰਾ ਕਰਨ ਦਾ ਬੀੜ੍ਹਾ ਚੁੱਕਿਆ ਹੋਇਆ ਹੈ।
ਉਸਦੀ ਬੇਟੀ ਦਸਦੀ ਹੈ ਕਿ ਉਨ੍ਹਾਂ ਆਪਣੀ ਗੱਲੀ ਵਿਚ ਪੌਦੇ ਲਗਾਏ ਪਰ ਜਦ ਪੌਦੇ ਕੁਝ ਵੱਡੇ ਹੋਏ ਤਾਂ ਲੋਕਾਂ ਨੇ ਉਥੇ ਕੁੜਾਂ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਪੌਦਿਆਂ ਤੇ ਚਿੱਤਕਾਰੀ ਕਰ ਦਿੱਤੀ ਜਿਸ ਨਾਲ ਇਹ ਰੁਝਾਨ ਘੱਟਿਆ। ਫਿਰ ਉਨ੍ਹਾਂ ਨੇ ਇਹ ਪ੍ਰਯੋਗ ਸ਼ਹਿਰ ਦੀ ਹੋਰ ਪ੍ਰਮੁੱਖ ਥਾਂਵਾਂ ਜਿਵੇਂ ਪ੍ਰਤਾਪ ਬਾਗ ਵਿਚ ਵੀ ਕੀਤਾ ਤਾਂ ਇਸਦੇ ਚੰਗੇ ਨਤੀਜੇ ਨਿਕਲੇ ਕਿਉਂਕਿ ਸਾਫ ਸੁਥਰੀ ਥਾਂ ਤੇ ਲੋਕਾਂ ਨੂੰ ਵੀ ਕੂੜਾ ਸੁਟਦਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਹ ਪਰਿਵਾਰ ਹੁਣ ਤੱਕ ਹਿੰਦ ਪਾਕਿ ਸਰਹੱਦ ਦੇ ਬਣੀ ਚੌਕੀ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਂਵਾਂ ਤੇ ਚਿੱਤਕਾਰੀ ਕਰ ਚੁੱਕਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੰਧ ਚਿੱਤਰਕਾਰੀ ਲਈ ਵੀ ਇਸ ਪਰਿਵਾਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ, ਡੀਡੀਪੀਓ ਸ: ਸੁਖਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਸ੍ਰੀ ਰਾਜੀਵ ਗੋਇਲ, ਕਾਰਜਕਾਰੀ ਇੰਜਨੀਅਰ ਸ੍ਰੀ ਰਮਨਦੀਪ ਸਿੰਘ ਆਦਿ ਵੀ ਹਾਜਰ ਸਨ।