ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰੀ ਨੂੰ ਲੈ ਕੇ ਦਫਤਰਾਂ ਦੀ ਪੜਤਾਲ
ਤਰਨਤਾਰਨ, 21 ਸਤੰਬਰ 2021 : ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਸਰਕਾਰੀ ਅਧਿਕਾਰੀ ਸਮੇਂ ਸਿਰ ਦਫਤਰ ਪਹੁੰਚ ਕੇ ਲੋਕ ਮਸਲਿਆਂ ਦੀ ਹੱਲ ਲਈ ਸੁਹਰਿਦ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ ਦੇ ਮੱਦੇਨਜ਼ਰ ਅੱਜ ਸਵੇਰੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਵੱਲੋਂ ਟੀਮਾਂ ਬਣਾ ਕੇ 9 ਵਜੇ ਦਫਤਰਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਸ. ਅਮਨਪ੍ਰੀਤ ਸਿੰਘ, ਜਿਲਾ ਮਾਲ ਅਧਿਕਾਰੀ ਸ. ਅਰਵਿੰਦਰਪਾਲ ਸਿਘ ਵੀ ਟੀਮਾਂ ਦਾ ਹਿੱਸਾ ਬਣੇ। ਡਿਪਟੀ ਕਮਿਸ਼ਨਰ ਖ਼ੁਦ ਕਈ ਦਫਤਰਾਂ ਵਿਚ ਪਹੁੰਚੇ ਅਤੇ ਸਟਾਫ ਦੀ ਹਾਜ਼ਰੀ ਚੈਕ ਕੀਤੀ। ਲਗਭਗ 25 ਮਿੰਟ ਚੱਲੀ ਇਸ ਕਾਰਵਾਈ ਵਿਚ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਦਫਤਰਾਂ ਦੀ ਜਾਂਚ ਹੋਈ, ਜਿਸ ਵਿਚ 58 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜੋ ਕਿ ਸਮੇਂ ਤੋਂ ਦੇਰੀ ਨਾਲ ਆਏ ਸਨ। ਇਸ ਬਾਬਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਗੈਰ ਹਾਜ਼ਰ ਮਿਲੇ ਜਾਂ ਲੇਟ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨਾਂ ਤਾੜਨਾ ਕਰਦੇ ਕਿਹਾ ਕਿ ਭਵਿੱਖ ਵਿਚ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਦਫਤਰੀ ਸਮੇਂ, ਜੋ ਕਿ ਸਵੇਰੇ 9 ਤੋਂ 5 ਵਜੇ ਤੱਕ ਹੈ, ਦਰਮਿਆਨ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣਾ ਕੰਮ ਯਕੀਨੀ ਬਨਾਉਣ ਅਤੇ ਜੇਕਰ ਕਿਸੇ ਅਧਿਕਾਰੀ ਨੇ ਛੁੱਟੀ ਲੈਣੀ ਹੈ ਤਾਂ ਇਸ ਬਾਬਤ ਪਹਿਲਾਂ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਲੋਕਾਂ ਦੀ ਖੱਜ਼ਲ-ਖੁਆਰੀ ਦਫਤਰਾਂ ਵਿਚ ਨਾ ਹੋਵੇ, ਇਸ ਲਈ ਜਰੂਰੀ ਹੈ ਕਿ ਸਮੇਂ ਸਿਰ ਦਫਤਰ ਪਹੁੰਚ ਕੇ ਆਪਣੇ ਕੰਮ ਨਿਪਟਾਏ ਜਾਣ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਅਚਨਚੇਤੀ ਚੈਕਿੰਗ ਹੁੰਦੀ ਰਹੇਗੀ ਅਤੇ ਜੋ ਵੀ ਅਧਿਕਾਰੀ ਅੱਜ ਤੋਂ ਬਾਅਦ ਦੇਰ ਨਾਲ ਦਫਤਰ ਆਉਂਦੇ ਜਾਂ ਬਿਨਾਂ ਦੱਸੇ ਗੈਰ ਹਾਜ਼ਰ ਮਿਲੇ, ਉਨਾਂ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।