ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਨਿਗਰਾਨ ਕਮੇਟੀ ਵੱਲੋਂ ਜਿ਼ਲ੍ਹੇ ਦੇ ਸ਼ਹਿਰਾਂ ਦਾ ਦੌਰਾ

0

ਫਾਜਿ਼ਲਕਾ, 21 ਸਤੰਬਰ 2021 :  ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਨਿਗਰਾਨ ਕਮੇਟੀ ਵੱਲੋਂ ਅੱਜ ਫਾਜਿ਼ਲਕਾ ਜਿ਼ਲ੍ਹੇ ਦੇ ਸ਼ਹਿਰਾਂ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਗਿਆ। ਇਸ ਟੀਮ ਦੀ ਅਗਵਾਈ ਕਮੇਟੀ ਦੇ ਚੇਅਰਮੈਨ ਜ਼ਸਟਿਸ ਸ: ਜ਼ਸਬੀਰ ਸਿੰਘ ਰਿਟਾ: ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਕਰ ਰਹੇ ਹਨ ਜਦ ਕਿ ਕਮੇਟੀ ਵਿਚ ਸ੍ਰੀ ਐਸ ਸੀ ਅਗਰਵਾਲ ਰਿਟਾ: ਮੁੱਖ ਸਕੱਤਰ ਹਰਿਆਣਾ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ: ਬਾਬੂ ਰਾਮ ਸ਼ਾਮਿਲ ਹਨ। ਜਿ਼ਲ੍ਹੇ ਵਿਚ ਪੁੱਜਣ ਤੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਦੌਰਾਨ ਗੱਲਬਾਤ ਕਰਦਿਆਂ ਜ਼ਸਟਿਸ ਸ: ਜ਼ਸਬੀਰ ਸਿੰਘ ਨੇ ਕਿਹਾ ਕਿ ਜਿ਼ਲ੍ਹੇ ਨੇ ਦਿੱਤੇ ਗਏ ਟੀਚਿਆਂ ਦੀ ਪੂਰਤੀ ਲਈ ਚੰਗੀ ਪ੍ਰਗਤੀ ਵਿਖਾਈ ਹੈ ਅਤੇ ਸਾਫ ਸੁਥਰੇ ਚੌਗਿਰਦੇ ਲਈ ਜਿ਼ਲ੍ਹੇ ਨੂੰ ਜੋ ਟੀਚੇ ਦਿੱਤੇ ਗਏ ਸਨ ਉਨ੍ਹਾਂ ਨੂੰ ਅਗਲੇ ਸਾਲ ਤੱਕ ਪੂਰੇ ਕਰ ਲਏ ਜਾਣ ਦੀ ਆਸ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਗ੍ਰੀਟ ਟ੍ਰਿਬਿਊਨਲ ਦੀਆਂ ਗੰਦੇ ਪਾਣੀ ਦੇ ਨਿਵਾਰਨ ਲਈ ਜ਼ੋ ਗਾਇਡਲਾਇਨ ਹਨ ਉਨ੍ਹਾਂ ਦੀ ਪਾਲਣਾ ਲਾਜਮੀ ਤੌਰ ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਸ਼ਹਿਰ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੀ ਨਗਰ ਕੌਂਸਲ ਨੂੰ ਜ਼ੁਰਮਾਨਾ ਵੀ ਭਰਨਾ ਪਵੇਗਾ।

ਉਨ੍ਹਾਂ ਦੱਸਿਆ ਕਿ ਪੰਜ ਜਿ਼ਲ੍ਹਿਆਂ ਦੇ ਗੰਦੇ ਪਾਣੀ ਦੇ ਨਿਕਾਸ ਨਾਲ ਸਬੰਧਤ ਇਕ ਕੇਸ ਤਹਿਤ ਇਸ ਨਿਗਰਾਨ ਕਮੇਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪੰਜ ਜਿ਼ਲ੍ਹਿਆਂ ਵਿਚ ਐਨਜੀਟੀ ਦੇ ਦਖਲ ਤੋਂ ਬਾਅਦ ਲਗਭਗ ਇਕ ਦਰਜਨ ਐਸਟੀਪੀ ਬਣ ਰਹੇ ਹਨ ਜਾਂ ਬਣ ਕੇ ਤਿਆਰ ਹੋ ਗਏ ਹਨ ਜ਼ੋ ਕਿ ਵਾਤਾਵਰਨ ਦੀ ਸੁੱਧਤਾ ਲਈ ਚੰਗੀ ਗੱਲ ਹੈ।

ਇਸ ਮੌਕੇ ਉਨ੍ਹਾਂ ਨੇ ਸਮੂਹ ਇਲਾਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਸੁਚੇਤ ਹੋਵੇ ਅਤੇ ਆਪਣੇ ਚੌਗਿਰਦੇ ਨੂੰ ਸਾਫ ਸੁੱਥਰਾ ਰੱਖਣ ਵਿਚ ਸਹਿਯੋਗ ਕਰੇ। ਸ੍ਰੀ ਐਸਸੀ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਹਰੇਕ ਪਿੰਡ ਅਤੇ ਸ਼ਹਿਰ ਵਿਚ ਅਜਿਹਾ ਜਲ ਸੋਮਾ ਵਿਕਸਤ ਕੀਤਾ ਜਾਵੇ ਜਾਂ ਪਹਿਲਾਂ ਤੋਂ ਉਪਲਬੱਧ ਜਲ ਸੋਮੇ ਨੂੰ ਸੰਭਾਲਿਆ ਜਾਵੇ ਜਿੱਥੇ ਮੀਂਹ ਦਾ ਪਾਣੀ ਸਟੋਰ ਹੋ ਸਕੇ।

                           

ਇਸ ਮੌਕੇ ਜਿ਼ਲ੍ਹੇ ਵਿਚ ਪੁੱਜੀ ਇਸ ਨਿਗਰਾਨ ਕਮੇਟੀ ਵੱਲੋਂ ਅਬੋਹਰ ਦੇ ਸੀਵਰੇਜ਼ ਪਲਾਂਟ ਤੋਂ ਦੌਰਾ ਸ਼ੁਰੂ ਕੀਤਾ। ਇੱਥੇ ਸਥਾਨਕ ਆਗੂ ਸ੍ਰੀ ਸੰਦੀਪ ਜਾਖੜ ਵੀ ਹਾਜਰ ਸਨ। ਇੱਥੇ ਨਿਗਰਾਨ ਟੀਮ ਨੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਥੇ ਬਣੇ 25 ਐਮਐਲਡੀ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਵਿਚ ਤੈਅ ਮਾਣਕਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਸਾਫ ਕੀਤਾ ਪਾਣੀ ਹੀ ਖੇਤਾਂ ਵਿਚ ਜਾਵੇ। ਉਨ੍ਹਾਂ ਨੇ ਪੰਜਾਬ ਪ੍ਰਦੁ਼ਸ਼ਣ ਕੰਟਰੋਲ ਬੋਰਡ ਨੂੰ ਔਚਕ ਦੌਰੇ ਕਰਕੇ ਸਮੇਂ ਸਮੇਂ ਤੇ ਨਮੂਨੇ ਲੈਂਦੇ ਰਹਿਣ ਲਈ ਵੀ ਕਿਹਾ।

ਮੰਡੀ ਅਰਨੀਵਾਲਾ ਦੇ ਦੌਰੇ ਦੌਰਾਨ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਥੇ 2 ਐਮਐਲਡੀ ਦੇ ਨਵੇਂ ਐਸਟੀਪੀ ਲਈ ਟੈਂਡਰ ਲੱਗ ਗਏ ਹਨ ਤੇ ਜਲਦ ਗੰਦਾ ਪਾਣੀ ਸਾਫ ਹੋਣ ਲੱਗੇਗਾ ਜਦ ਕਿ ਫਿਲਹਾਲ ਇੱਥੇ ਭਾਦਸੋਂ ਮਾਡਲ ਨਾਲ ਗੰਦੇ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ।ਕਮੇਟੀ ਨੇ ਇੱਥੇ ਵਰਤਮਾਨ ਜਲ ਭੰਡਾਰ ਸੋਮੇ ਨੂੰ ਸੰਭਾਲਣ ਲਈ ਵੀ ਕਿਹਾ।

ਬਾਅਦ ਵਿਚ ਉਨ੍ਹਾਂ ਨੇ ਫਾਜਿ਼ਲਕਾ ਦੇ 8 ਐਮਐਲਡੀ ਦੇ ਪੁਰਾਣੇ ਚੱਲ ਰਹੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਅਤੇ 13 ਐਮਐਲਡੀ ਦੇ ਨਵੇਂ ਬਣ ਰਹੇ ਐਸਟੀਪੀ ਦਾ ਵੀ ਦੌਰਾ ਕੀਤਾ। ਇੱਥੇ ਨਿਗਰਾਨ ਕਮੇਟੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਪ੍ਰੋਜ਼ੈਕਟ ਤੈਅ ਸਮਾਂ ਹੱਦ ਵਿਚ ਪੂਰਾ ਕੀਤਾ ਜਾਵੇ ਅਤੇ ਬਿਜਲੀ ਦੇ ਕੁਨੈਕਸਨ ਜਾਂ ਸਿਵਰ ਲਾਇਨ ਜ਼ੋੜਨ ਵਰਗੇ ਕੰਮ ਵੀ ਨਿਰਮਾਣ ਕਾਰਜਾਂ ਦੇ ਦੌਰਾਨ ਹੀ ਪੂਰੇ ਕਰ ਲਏ ਜਾਣ।ਇੱਥੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ ਵੀ ਹਾਜਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਨਿਗਰਾਨ ਕਮੇਟੀ ਨੂੰ ਭਰੋਸਾ ਦਿੱਤਾ ਕਿ ਐਨਜੀਟੀ ਦੀਆਂ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕਮੇਟੀ ਨੇ ਜਿ਼ਲ੍ਹੇ ਦੀ ਹੁਣ ਤੱਕ ਦੀ ਪ੍ਰਗਤੀ ਤੇ ਤਸੱਲੀ ਪ੍ਰਗਟਾਈ ਹੈ ਅਤੇ ਭਵਿੱਖ ਵਿਚ ਵੀ ਲੋਕਾਂ ਨੂੰ ਸਾਫ ਸੁਥਰਾ ਚੌਗਿਰਦਾ ਮੁਹਈਆ ਕਰਵਾਉਣ ਲਈ ਜਿ਼ਲ੍ਹਾਂ ਪ੍ਰਸ਼ਾਸਨ ਹੋਰ ਵੀ ਤਨਦੇਹੀ ਨਾਲ ਕੰਮ ਕਰੇਗਾ।ਇਸ ਮੌਕੇ ਅਬੋਹਰ ਦੇ ਤਹਿਸੀਲਦਾਰ ਸ: ਜ਼ਸਪਾਲ ਸਿੰਘ ਬਰਾੜ, ਡੀਡੀਪੀਓ ਸ: ਸੁਖਪਾਲ ਸਿੰਘ,  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਸ੍ਰੀ ਰਾਜੀਵ ਗੋਇਲ, ਕਾਰਜਕਾਰੀ ਇੰਜਨੀਅਰ ਸ੍ਰੀ ਰਮਨਦੀਪ ਸਿੰਘ, ਨਗਰ ਨਿਗਮ ਅਬੋਹਰ ਦੇ ਐਸਈ ਸ੍ਰੀ ਸੰਦੀਪ ਗੁਪਤਾ,ਅਸੋਕ ਮੈਣੀ ਐਸਡੀਓ ਸੀਵਰੇਜ਼ ਬੋਰਡ ਆਦਿ ਵੀ ਹਾਜਰ ਸਨ।

About The Author

Leave a Reply

Your email address will not be published. Required fields are marked *

error: Content is protected !!