ਪੋਸ਼ਨ ਅਭਿਆਨ ਤਹਿਤ ਲਗਾਏ ਗਏ ਬਲਾਕ ਪੱਧਰੀ ਕੈਂਪ : ਡਾ ਹਰਵਿੰਦਰ ਲਾਲ
ਫਤਹਿਗੜ੍ਹ ਸਾਹਿਬ, 19ਸਤੰਬਰ 2021 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੂਹ ਬਲਾਕਾਂ ਵਿੱਚ ਆਤਮਾ ਸਕੀਮ ਅਧੀਨ ਪੋਸ਼ਣ ਅਭਿਆਨ ਸਬੰਧੀ ਬਲਾਕ ਪੱਧਰੀ ਕੈਂਪ ਲਗਾਏ ਗਏ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਫਤਿਹਗੜ੍ਹ ਸਾਹਿਬ, ਡਾ ਹਰਵਿੰਦਰ ਲਾਲ ਨੇ ਦੱਸਿਆ ਕਿ ਪਿੰਡ ਈਸਰਹੇਲ, ਬਲਾਕ ਖੇੜਾ, ਵਿਖੇ ਲਗਾਏ ਗਏ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ਼ ਲਵਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਖੇੜਾ ਵੱਲੋਂ ਜੈਵਿਕ ਖੇਤੀ ਬਾਰੇ ਕਿਸਾਨਾਂ ਨੂੰ ਪ੍ਰੇਰਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੰਤੁਲਿਤ ਅਹਾਰ ਲੈ ਕੇ ਸਿਹਤ ਨੂੰ ਮਜਬੂਤ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਫਸਲਾਂ ਉੱਪਰ ਕੀਟਨਾਸ਼ਕ ਦਵਾਈਆਂ ਦੀਆਂ ਸਪਰੇਆਂ ਲੋੜ ਮੁਤਾਬਿਕ ਕੀਤੀਆਂ ਜਾਣ ਅਤੇ ਦਵਾਈਆਂ ਖ੍ਰੀਦਣ ਸਮੇਂ ਡੀਲਰ ਤੋਂ ਪੱਕਾ ਬਿਲ ਲਿਆ ਜਾਵੇ।
ਡਾ਼ ਹਰਮਨਜੀਤ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਆਤਮਾ ਸਕੀਮ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਖੇਤੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨਾਂ ਨੇ ਦੱਸਿਆ ਕਿ ਕਿਸਾਨ ਵਿਅਕਤੀਗਤ ਤੌਰ ਤੇ ਜਾਂ ਸੈਲਫ ਹੈਲਪ ਗਰੁੱਪ ਬਣਾ ਕੇ ਆਤਮਾ ਸਕੀਮ ਅਧੀਨ ਕਿੱਤਾ ਮੁੱਖੀ ਟ੍ਰੇਨਿੰਗ ਲੈ ਕੇ ਆਪਣਾ ਰੋਜਗਾਰ ਸ਼ੁਰੂ ਕਰ ਸਕਦੇ ਹਨ।ਉਨ੍ਹਾਂ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਲਗਾਉਣ ਲਈ ਪ੍ਰੇਰਿਆ।
ਇਸ ਮੌਕੇ ਡਾ਼ ਸੁਖਵਿੰਦਰ ਕੌਰ, ਮੱਛੀ ਪਾਲਣ ਅਫਸਰ ਨੇ ਕਿਸਾਨਾਂ ਨੂੰ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੱਛੀ ਖਾਣ ਨਾਲ ਸਿਹਤ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਿਆ। ਡਾ਼ ਜਤਿੰਦਰ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਮਿੱਟੀ ਪਰਖ ਦੇ ਅਧਾਰ ਤੇ ਹੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਨੂੰ ਤਰਜੀਹ ਦੇਣ ਲਈ ਕਿਹਾ।
ਉਨ੍ਹਾਂ ਨੇ ਖਾਦਾਂ ਦੀ ਬੇਲੋੜੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਅਤੇ ਘੱਟ ਖਰਚੇ ਤੇ ਵਧੇਰੇ ਝਾੜ ਲਈ ਹਰ ਕਿਸਾਨ ਨੂੰ ਆਪਣੇ ਖੇਤ ਦਾ ਮਿੱਟੀ ਸਿਹਤ ਕਾਰਡ ਬਨਾਉਣ ਲਈ ਕਿਹਾ।ਉਨ੍ਹਾਂ ਨੇ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਜਾਣੂ ਕਰਵਾਇਆ ਅਤੇ ਵਿਭਾਗ ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਆਏ ਕਿਸਾਨਾਂ ਨੁੰ ਹਾੜੀ ਸੀਜਣ ਦੀਆਂ ਘਰੇਲੂ ਬਗੀਚੀ ਦੀਆਂ ਸਬਜੀ ਦੀਆਂ ਕਿੱਟਾ ਅਤੇ ਵੱਖ ਵੱਖ ਤਰ੍ਹਾਂ ਦੇ ਪੌਦੇ ਵੰਡੇ ਗਏ। ਇਸ ਮੌਕੇ ਸ੍ਰੀ ਰਾਜਵੀਰ ਸਿੰਘ, ਸਹਾਇਕ ਤਕਨੀਕੀ ਮੈਨੇਜਰ, ਸ੍ਰੀ ਮੇਵਾ ਸਿੰਘ ਨੰਬਰਦਾਰ, ਸ੍ਰੀ ਹਰਬੰਸ ਸਿੰਘ ਨੰਬਰਦਾਰ ਆਦਿ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ।