ਐਮ ਸੰਵਾਦ ਰਾਹੀਂ ਖੇਤੀਬਾੜੀ ਦੀ ਜਾਣਕਾਰੀ ਦੇਵੇਗੀ ਪੰਜਾਬ ਸਰਕਾਰ
ਫ਼ਾਜ਼ਿਲਕਾ, 19 ਸਤੰਬਰ 2021 : ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਐਮ ਸੰਵਾਦ ਰਾਹੀਂ ਜਾਣਕਾਰੀ ਦੇਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨ ਵੀਰਾਂ ਨੂੰ ਪਰਾਲੀ ਦੀ ਸਮੱਸਿਆ ਦੇ ਹੱਲ ਸਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਜਾਣਕਾਰੀ ਲਈ ਕਿਸਾਨ ਵੀਰ ਆਪਣੇ ਮੋਬਾਇਲ ਤੋਂ 78786-91010 ਨੰਬਰ ਤੇ ਮਿਸ ਕਾਲ ਕਰਕੇ ਰਜਿਸਟਰਡ ਹੋਣ ਦਾ ਸੰਦੇਸ਼ ਪ੍ਰਾਪਤ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਲਈ ਸਬੰਧਤ ਵਿਸ਼ੇ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ 21 ਸਤੰਬਰ ਨੂੰ ਫ਼ਸਲ ਵਿਗਿਆਨ, 24 ਸਤੰਬਰ ਨੂੰ ਜ਼ਮੀਨ ਦੀ ਸਿਹਤ, 30 ਸਤੰਬਰ ਨੂੰ ਮਸ਼ੀਨਰੀ ਦੀ ਸੁਚੱਜੀ ਵਰਤੋਂ ਅਤੇ 5 ਅਕਤੂਬਰ ਨੂੰ ਕੀੜਿਆਂ ਦੀ ਰੋਕਥਾਮ ਸੰਬੰਧੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਗਏ ਨੰਬਰ ਤੇ ਪ੍ਰੋਗਰਾਮ ਤੋਂ ਪਹਿਲਾਂ ਮਿਸ ਕਾਲ ਦੇ ਕੇ ਰਜਿਸਟਰਡ ਹੋਣ ਅਤੇ ਇਸ ਪ੍ਰੋਗਰਾਮ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦਾ ਸਮਾਂ ਬਾਅਦ ਦੁਪਹਿਰ 3 ਵਜੇ ਤੋਂ 3:45 ਤੱਕ ਦਾ ਹੋਵੇਗਾ।
ਡਿਪਟੀ ਕਮਿਸ਼ਨਰ ਸਰਦਾਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਖੇਤੀਬਾਡ਼ੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਦੀ ਲੋੜ ਹੋਵੇ ਤਾਂ ਉਹ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਕਾਲ ਕਰ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।