1998 ਤੋਂ ਪੰਜਾਬ ਕਾਂਗਰਸ ਦੇ ਅਜੇਤੂ ਨਾਇਕ ਕੈਪਟਨ ਨੂੰ ਸਿੱਧੂ ਨੇ ਲਾਇਆ ਖੁੰਝੇ, ਹੋਈ ਨਮੋਸ਼ੀ ਭਰੀ ਵਿਦਾਈ

0

ਚੰਡੀਗੜ੍ਹ, 19 ਸਤੰਬਰ 2021 :  1998 ਵਿਚ ਕਾਂਗਰਸ ਪਾਰਟੀ ਵਿਚ ਕਰੀਬ 16 ਵਰ੍ਹਿਆਂ ਬਾਅਦ ਵਾਪਸੀ ਕਰਨ ਵਾਲੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਹਾਕੇ ਤੋਂ ਵੱਧ ਸੂਬਾ ਕਾਂਗਰਸ ਦੇ ਅਜੇਤੂ ਨਾਇਕ ਰਹੇ ਹਨ ਪਰ ਹੁਣ ਹਾਲਾਤ ਬਦਲਣ ਦੇ ਨਾਲ ਉਹਨਾਂ ਦੇ ਅਜੇਤੂ ਕਵਚ ਨੂੰ ਸੰਨ ਲੱਗੀ ਹੈ ਜਿਸਦੀ ਮਿਸਾਲ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਤੇਜ਼ ਤਰਾਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਅਤੇ ਹੁਣ ਕੈਪਟਨ ਦੀ ਨਾਮੋਸ਼ੀ ਭਰੀ ਵਿਦਾਈ ਹੈ I

ਪੰਜਾਬ ਦੇ ਹਿਤਾਂ ਦੇ ਰਾਖੇ ਵਜੋਂ ਆਪਣੇ ਆਪ ਨੂੰ ਉਭਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਵਿਚ ਓਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਕਾਂਗਰਸ ਛੱਡੀ ਸੀ ਤੇ ਮਰਹੂਮ ਰਾਜੀਵ ਗਾਂਧੀ ਦੀ ਮੌਤ ਉਪਰੰਤ ਕਈ ਸਾਲ ਬਾਅਦ 1998 ਵਿਚ ਸੋਨੀਆ ਗਾਂਧੀ ਦੇ ਕੌਮੀ ਪ੍ਰਧਾਨ ਬਣਨ ਤੇ ਟਕਸਾਲੀ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੂੰ ਹਟਾ ਕੇ ਕੈਪਟਨ ਨੂੰ ਪ੍ਰਧਾਨ ਬਨਾਇਆ ਗਿਆ I

ਇਹ ਫੈਸਲ ਹੈਰਾਨੀਜਨਕ ਸੀ ਪਰ ਆਪਣੇ ਅੰਦਾਜ਼ ਵਿਚ ਕੈਪਟਨ ਨੇ ਕਾਂਗਰਸ ਵਿਚ ਨਵੀਂ ਜਾਨ ਪਾਈ ਤੇ ਕਾਂਗਰਸ ਦੇ ਵਿਚ ਇਕ ਨਵੇਂ ਸੱਭਿਆਚਾਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਉਹਨਾਂ ਦੇ ਵਿਰੋਧੀ ਅਕਸਰ ‘ਫਾਈਵ ਸਟਾਰ ਕਲਚਰ’ ਦਾ ਨਾਮ ਦਿੰਦੇ ਰਹੇ I 2002 ਵਿਚ ਪਾਰਟੀ ਨੂੰ ਸੱਤਾ ਵਿਚ ਲਿਆਉਣ ਨਾਲ ਕੈਪਟਨ ਦਾ ਕਦ ਤਾਂ ਵਧਿਆ ਪਰ ਪੰਜਾਬ ਵਿਚ ਪਾਰਟੀ ਵੀ ਉਹਨਾਂ ਦੀ ਰਿਆਸਤ ਵਾੰਗ ਹੀ ਹੋ ਗਈ I ਬਾਦਲ ਪਰਿਵਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅੰਦਰ ਦੇ ਕੇ ਤੇ ਪੰਜਾਬ ਦੇ ਪਾਣੀਆਂ ਦਾ ਸਮਝੌਤਾ ਰੱਦ ਕਰਕੇ ਕੈਪਟਨ ਆਪਣੇ ਜਨਤਕ ਜੀਵਨ ਦੇ ਸਿਖਰ ਤੇ ਪਹੁੰਚ ਗਏ I

ਪਰ ਨਾਲ ਹੀ ਸੱਤਾ ਕਾਰਣ ਲੋਕਾਂ ਤੋਂ ਦੂਰੀ ਬਣਾਉਣ ਕਾਰਣ ਅਤੇ ਅਫ਼ਸਰਸ਼ਾਹੀ ਤੇ ਜ਼ਿਆਦਾ ਨਿਰਭਰ ਰਹਿਣ ਕਾਰਣ ਕਾਂਗਰਸ ਪਾਰਟੀ ਵਿਚ ਵਿਰੋਧ ਸ਼ੁਰੂ ਹੋਇਆ ਪਰ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਾਲੇ 40 ਤੋਂ ਵੱਧ ਵਿਧਾਇਕ ਵੀ ਸਰਕਾਰ ਨੂੰ ਪਲਟ ਨਹੀਂ ਸਕੇ ਹਾਲਾਂਕਿ ਉਸ ਨੂੰ ਕੇਂਦਰ ਵਿਚ ਮਰਹੂਮ ਬੂਟਾ ਸਿੰਘ, ਮਰਹੂਮ ਪ੍ਰਣਾਬ ਮੁਖਰਜੀ ਤੇ ਗ਼ੁਲਾਮ ਨਭੀ ਆਜ਼ਾਦ ਵਰਗੇ ਆਗੂਆਂ ਦਾ ਸਮਰਥਨ ਵੀ ਪ੍ਰਾਪਤ ਸੀ I

ਪਰ ਸੋਨੀਆ ਗਾਂਧੀ ਨਾਲ ਨੇੜਤਾ ਤੇ ਕੁੰਵਰ ਨਟਵਰ ਸਿੰਘ ਨਾਲ ਰਿਸ਼ਤੇਦਾਰੀ ਦੇ ਚਲਦਿਆਂ ਕੈਪਟਨ ਦੀ ਸਰਦਾਰੀ ਕਾਇਮ ਰਹੀ I ਇਸੇ ਕਾਰਣ 2007 ਤੇ 2012 ਦੀਆਂ ਚੋਣਾਂ ਉਹਨਾਂ ਦੀ ਅਗਵਾਈ ਵਿਚ ਕਾਂਗਰਸ ਦੇ ਹਾਰਨ ਦੇ ਬਾਵਜੂਦ ਵੀ ਕੈਪਟਨ ਪੰਜਾਬ ਦੇ ਅਜੇਤੂ ਨਾਇਕ ਰਹੇ I ਇਸੇ ਦਰਮਿਆਨ ਕਾਂਗਰਸ ਨੇ ਤਜ਼ਰਬੇ ਦੇ ਤੌਰ ਤੇ ਦਲਿਤ ਸੰਸਦ ਮੇਂਬਰ ਸ਼ਮਸ਼ੇਰ ਸਿੰਘ ਦੂਲੋ, ਮੋਹਿੰਦਰ ਸਿੰਘ ਕੇ ਪੀ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਪਰ ਉਹਨਾਂ ਨੇ ਵੀ ਹੀ ਦੋਸ਼ ਲਗਾਇਆ ਕਿ ਕੈਪਟਨ ਉਹਨਾਂ ਨੂੰ ਜਾਨ -ਬੁਝ ਕੇ ਕਮਜ਼ੋਰ ਕਰ ਰਹੇ ਹਨ ਤੇ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ I ਪਰ ਭੱਠਲ, ਦੂਲੋ, ਬਾਜਵਾ, ਕੇ ਪੀ ਤੇ ਕਈ ਹੋਰ ਰੱਲ ਕੇ ਕੈਪਟਨ ਨੂੰ ਢਾਹ ਨਾ ਸਕੇ ਕਿਉਂਕਿ ਇਹ ਮੰਨਿਆ ਜਾਂਦਾ ਰਿਹਾ ਕਿ ਸੋਨੀਆ ਗਾਂਧੀ ਉਹਨਾਂ ਦੀ ਪਿੱਠ ਤੇ ਹੈ I

ਪਰ ਕਾਂਗਰਸ ਦੇ ਕਮਜ਼ੋਰ ਹੋਣ ਨਾਲ ਅੱਜ ਜਦੋਂ ਕੌਮੀ ਪੱਧਰ ਤੇ ਕਾਂਗਰਸ ਕੋਲ ਆਗੂਆਂ ਦੀ ਭਾਰੀ ਘਾਟ ਹੈ ਤਾਂ ਇਸ ਹਾਲਾਤ ਵਿਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇਕ ਸਟਾਰ ਪ੍ਰਚਾਰਕ ਵਜੋਂ ਉਭਰੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਪੰਜਾਬ ਤੋਂ ਅਸਾਮ ਤਕ ਮਕ਼ਬੂਲ ਸਿੱਧੂ ਨੇ ਆਪਣੇ ਜਾਨਦਾਰ ਭਾਸ਼ਣ ਨਾਲ ਕਾਂਗਰਸ ਲਈ ਦੇਸ਼ ਭਰ ਵਿਚ ਪ੍ਰਚਾਰ ਕੀਤਾ ਜਿਸ ਨਾਲ ਉਹ ਸੋਨੀਆ, ਪ੍ਰਿਯੰਕਾ ਤੇ ਰਾਹੁਲ ਗਾਂਧੀ ਦੇ ਨੇੜੇ ਹੋ ਗਏ I ਤੇ ਹੁਣ ਜਦੋਂ ਸਿੱਧੂ ਤੇ ਕੈਪਟਨ ਦੇ ਸਿੰਗ ਫੱਸੇ ਤਾ ਕੈਪਟਨ ਨੂੰ ਪਹਿਲੀ ਵਾਰ ਚੁਣੌਤੀ ਦੇਣ ਵਾਲਾ ਕੋਈ ਏਦਾਂ ਦਾ ਆਗੂ ਮਿਲਿਆ ਜੋ ਉਹਨਾਂ ਵਾਂਗ ਹੀ ਗਾਂਧੀ ਪਰਿਵਾਰ ਦੇ ਨੇੜੇ ਹੈ ਤੇ ਸ਼ਾਇਦ ਉਹਨਾਂ ਤੋਂ ਵੱਧ ਆਲਮੀ ਪੱਧਰ ਤੇ ਮਕ਼ਬੂਲ ਵੀ ਹੈ I

ਉਸ ਤੋਂ ਇਲਾਵਾ ਅਫਸਰਸ਼ਾਹੀ ਦੀ ਚੜ੍ਹਤ ਤੇ ਲੋਕ ਰੋਹ ਤੋਂ ਡਰੇ ਕਾਂਗਰਸ ਦੇ ਵਿਧਾਇਕਾਂ ਦਾ ਵੀ ਵੱਡੀ ਗਿਣਤੀ ਵਿਚ ਸਿੱਧੂ ਦੇ ਹਕ਼ ਵਿਚ ਨਿਤਰਨਾ ਵੀ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਦੇ ਅਜੇਤੂ ਜਰਨੈਲ ਦੇ ਕਵਚ ਵਿਚ ਹੁਣ ਸੰਨ ਲੱਗ ਚੁਕਿਆ ਸੀ I

ਇਸ ਦੇ ਨਾਲ ਹੀ ਬੇਅਦਬੀ, ਕਿਸਾਨ ਰੋਹ, ਬਿਜਲੀ ਘਾਟ, ਅਫ਼ਰਸ਼ਾਹੀ ਦਾ ਕਬਜ਼ਾ ਤੇ ਹੋਰ ਮੁਸੀਬਤਾਂ ਨੂੰ ਝੱਲ ਰਹੀ ਕਾਂਗਰਸ ਸਰਕਾਰ ਨੂੰ ਮੁੜ ਸੱਤਾ ਵਿਚ ਲੈ ਕੇ ਆਉਣਾ ਵਿੱਚ ਕੈਪਟਨ ਦੀ ਅਯਾਸ਼ੀ ਤੇ ਆਰਾਮ ਪਸੰਦ ਕਾਰਜ-ਸ਼ੈਲੀ ਵੱਡੀ ਰੁਕਾਵਟ ਸੀ । ਇਸੇ ਕਾਰਨ ਔਖੇ ਹੋਏ ਵਿਧਾਇਕਾਂ ਨੇ ਹਾਈ ਕਮਾਨ ਵੱਲ ਰੁੱਖ ਕੀਤਾ ਤੇ ਸਮੇ ਦੀ ਨਜ਼ਾਕਤ ਨੂੰ ਭਾਂਪਦੇ ਹੋਏ ਹਾਈ ਕਮਾਨ ਨੇ ਕੈਪਟਨ ਨੂੰ ਬਾਹਰ ਦੀ ਰਾਹ ਵਿਖਾ ਦਿੱਤਾ । ਪੰਜਾਬ ਦੇ ਸਿਆਸੀ ਇਤੀਹਾਸ ਵਿੱਚ ਕਿਸੇ ਵੀ ਮੁੱਖ ਮੰਤਰੀ ਦੀ ਇਸ ਤਰਾਂ ਦੀ ਨਮੋਸ਼ੀ ਭਰੀ ਵਿਦਾਈ ਨਹੀਂ ਹੋਈ ।

About The Author

Leave a Reply

Your email address will not be published. Required fields are marked *

You may have missed