ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਦੇ ਵਾਰਡ ਨੰਬਰ-13, ਵਿਖੇ ਕਰੀਬ 25 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
ਫ਼ਤਹਿਗੜ੍ਹ ਸਾਹਿਬ, 18 ਸਤੰਬਰ 2021 : ਸਰਹਿੰਦ ਸ਼ਹਿਰ ਨੂੰ ਸੂਬੇ ਦੇ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਥੋਂ ਦੇ ਨਾਗਰਿਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ-13, ਹਿਮਾਯੂੰਪੁਰ ਸਰਹਿੰਦ-ਵਿਖੇ ਗਲੀਆਂ ‘ਚ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ ਅਤੇ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਸ. ਨਾਗਰਾ ਨੇ ਕਿਹਾ ਕਿ ਸਰਹਿੰਦ ਦੀ 88 ਫੁੱਟ ਰੋਡ ਨੂੰ ਨਵੀਂ ਸੜਕ ਕੱਢ ਕੇ ਆਮ ਖ਼ਾਸ ਬਾਗ਼ ਰੋਡ ਨਾਲ ਜੋੜਿਆ ਹੈ। ਇਸ ਦੇ ਨਾਲ-ਨਾਲ ਅੱਗੇ ਆਮ ਖ਼ਾਸ ਬਾਗ਼ ਸੜਕ ਤੋਂ ਸਰਹੰਦ ਚੋਅ ਦੇ ਨਾਲ ਸਿੱਧਾ ਸਿਵਲ ਹਸਪਤਾਲ ਅਤੇ ਡੀ.ਸੀ. ਦਫ਼ਤਰ ਤੱਕ ਸੜਕ ਬਣਾਈ ਗਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ। ਖ਼ਾਸ ਕਰਕੇ ਸ਼ਹੀਦੀ ਸਭਾ ਮੌਕੇ ਇਹ ਸੜਕ ਬਾਇਪਾਸ ਦਾ ਕੰਮ ਕਰੇਗੀ।
ਸ. ਨਾਗਰਾ ਨੇ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਪਹਿਲਾਂ ਸੀਵਰੇਜ ਲਾਈਨਾਂ ਵਿਛਾਈਆਂ ਗਈਆਂ ਅਤੇ ਸੀਵਰੇਜ ਲਾਈਨਾਂ ਵਿਛਾਉਣ ਉਪਰੰਤ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਇਸੇ ਕੜੀ ਤਹਿਤ ਹਲਕੇ ਦਾ ਵਿਕਾਸ ਜੰਗੀ ਪੱਧਰ ‘ਤੇ ਜਾਰੀ ਹੈ। ਕੈਪਟਨ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਕਾਰਜ ਵੱਡੇ ਪੱਧਰ ‘ਤੇ ਕਰਵਾਏ ਹਨ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ, ਚੈਅਰਮੈਨ ਮਾਰਕਿਟ ਕਮੇਟੀ ਗੁਲਸ਼ਨ ਰਾਏ ਬੌਬੀ, ਐੱਮ ਸੀ ਪਰਵੀਨ ਕੁਮਾਰ, ਅਮਰਿੰਦਰ ਸਿੰਘ, ਨਰਿੰਦਰ ਕੁਮਾਰ, ਏ ਐਮ ਈ ਸ਼ੈਲੀ ਰਾਜ, ਰੋਬਿਨ ਜਲੋਟਾ, ਸੁਸ਼ੀਲ ਠੁਕਰਾਲ, ਭੁਪਿੰਦਰ ਜੱਲ੍ਹਾ, ਮਨਦੀਪ ਸਿੰਘ, ਸੁਭਾਸ਼ ਚੰਦਰ, ਪਵਨ ਕੁਮਾਰ, ਸ਼ਾਮ ਸੁੰਦਰ, ਸ਼ਿਵ ਕੁਮਾਰ, ਰਾਜ ਸੂਦ, ਰਮੇਸ਼ ਸੂਦ, ਜਨਕ ਰਾਣੀ, ਅੰਜਲਾ ਬਿਟਰ, ਮਮਤਾ ਸੂਦ, ਬਲਬੀਰ ਕੌਰ, ਕਮਲੇਸ਼ ਰਾਣੀ ਤੇ ਹੋਰ ਵਾਰਡ ਨਿਵਾਸੀ ਹਾਜ਼ਰ ਸਨ।