ਮਹਿਲਾਵਾਂ ਦੀ ਸੁਵਿਧਾ ਲਈ ਹੁਸ਼ਿਆਰਪੁਰ ਦਾ ਪਹਿਲਾ ਪਿੰਕ ਟਾਇਲਟ ਬਸ ਸਟੈਂਡ ’ਚ ਸ਼ੁਰੂ
ਹੁਸ਼ਿਆਰਪੁਰ, 16 ਸਤੰਬਰ 2021 : ਨਗਰ ਨਿਗਮ ਹੁਸ਼ਿਆਰਪੁਰ ਵਲੋਂ ਬਸ ਸਟੈਂਡ ਹੁਸ਼ਿਆਰਪੁਰ ਵਿਚ ਮਹਿਲਾਵਾਂ ਦੀ ਸੁਵਿਧਾ ਲਈ ਹੁਸ਼ਿਆਰਪੁਰ ਦਾ ਪਹਿਲਾ ਪਿੰਕ ਟਾਇਲਟ ਸ਼ੁਰੂ ਹੋ ਗਿਆ ਹੈ। ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿੰਕ ਟਾਇਲਟ ਨੂੰ ਮਹਿਲਾਵਾਂ ਨੂੰ ਸਮਰਪਿਤ ਕਰਦਿਆਂ ਦੱਸਿਆ ਕਿ ਕੰਮਕਾਜੀ ਮੁਹਿਲਾਵਾਂ, ਵਿਦਿਆਰਥਣਾਂ ਨੂੰ ਇਸ ਦਾ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਬਸ ਸਟੈਂਡ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਆਉਂਦੀਆਂ ਹਨ ਅਤੇ ਪਿੰਕ ਟਾਇਲਟ ਸਮੇਂ ਦੀ ਮੁੱਖ ਮੰਗ ਸੀ ਜਿਸ ਨਾਲ ਸਾਰੀਆਂ ਮਹਿਲਾਵਾਂ ਨੂੰ ਨਾਗਰਿਕ ਸੁਵਿਧਾਵਾਂ ਮਿਲ ਸਕਣਗੀਆਂ।
ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪਿੰਕ ਟਾਇਲਟ ਮਹਿਲਾਵਾਂ ਲਈ ਵਿਸ਼ੇਸ਼ ਸੈਨੇਟਰੀ ਨੈਪਕਿਨ ਮਸ਼ੀਨ ਲੱਗੀ ਹੈ, ਜਿਸ ਵਿਚ ਇਹ ਨੈਪਕਿਨ ਕੱਢਿਆ ਜਾ ਸਕੇਗਾ ਅਤੇ ਇਸਤੇਮਾਲ ਕੀਤੇ ਗਏ ਨੈਪਕਿਨ ਨੂੰ ਨਸ਼ਟ ਕਰਨ ਵਾਲੀ ਮਸ਼ੀਨ ਵਿਚ ਪਾ ਕੇ ਨਸ਼ਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਚੇਜਿੰਗ ਰੂਮ, ਫੀਡਿੰਗ ਰੂਮ ਦੀ ਵੀ ਸੁਵਿਧਾ ਪਿੰਕ ਟਾਇਲਟ ਵਿਚ ਉਪਲਬੱਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਕ ਟਾਇਲਟ ਖੁੱਲ੍ਹ ਜਾਣ ਨਾਲ ਭੀੜ-ਭਾੜ ਵਾਲੀਆਂ ਥਾਂ ’ਤੇ ਮਹਿਲਾਵਾਂ ਨੂੰ ਇਕ ਸੁਰੱਖਿਅਤ ਸਥਾਨ ਮਿਲ ਗਿਆ ਹੈ, ਜਿਥੇ ਹੁਣ ਮਹਿਲਾਵਾਂ ਬਿਨ੍ਹਾਂ ਸੰਕੋਚ ਤੋਂ ਇਸ ਦਾ ਪ੍ਰਯੋਗ ਕਰ ਸਕਣਗੀਆਂ।