ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਕੋਲਡ ਸਟੋਰ ਦਾ ਅਚਨਚੇਤ ਨਿਰੀਖਣ, 5 ਸੈਂਪਲ ਭਰੇ
ਪਟਿਆਲਾ, 16 ਸਤੰਬਰ 2021 : ਤਿਉਹਾਰਾਂ ਤੋਂ ਪਹਿਲਾਂ ਲੋਕਾਂ ਨੂੰ ਖਾਣ ਪੀਣ ਦੀਆਂ ਸਾਫ਼-ਸੁਥਰੀਆਂ ਤੇ ਮਿਆਰੀ ਵਸਤੂਆਂ ਪ੍ਰਦਾਨ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਅਰੰਭ ਕੀਤੀ ਵਿਸ਼ੇਸ਼ ਮੁਹਿੰਮ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਇੱਥੇ ਸਨੌਰ ਰੋਡ ‘ਤੇ ਸਥਿਤ ਬਹੁਮੰਤਵੀ ਕੋਲਡ ਸਟੋਰ ‘ਤੇ ਅਚਨਛੇਤ ਛਾਪਾ ਮਾਰਕੇ ਇਥੇ ਸਟੋਰ ਕੀਤੀਆਂ ਵਸਤੂਆਂ ਦੇ ਸੈਂਪਲ ਭਰੇ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਇਸ ਛਾਪਾਮਾਰ ਟੀਮ ‘ਚ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਅਤੇ ਪੁਨੀਤ ਸ਼ਰਮਾ ਵੀ ਸ਼ਾਮਲ ਸਨ। ਇਸ ਟੀਮ ਨੇ ਇੱਥੋਂ ਕਾਲੇ ਛੋਲੇ, ਚਿੱਟੇ ਛੋਲੇ, ਸਾਬਤ ਮਾਂਹ ਅਤੇ ਲਾਲ ਮਿਰਚ ਦੇ 5 ਸੈਂਪਲ ਭਰੇ, ਜਿਨ੍ਹਾਂ ਨੂੰ ਖਰੜ ਫੂਡ ਲੈਬਾਰਟਰੀ ਵਿਖੇ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ। ਫੂਡ ਸੇਫਟੀ ਟੀਮ ਨੇ ਐਫ.ਐਸ.ਐਸ.ਏ.ਆਈ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਮੇਤ ਮਿਆਰੀ ਤੇ ਸਾਫ਼ ਸੁਥਰੀਆਂ ਖੁਰਾਕੀ ਵਸਤੂਆਂ ਹੀ ਆਮ ਲੋਕਾਂ ਤੱਕ ਪੁਜਦੀਆਂ ਕਰਨ ਦੀ ਹਦਾਇਤ ਕੀਤੀ ਗਈ।
ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਾਫ਼ ਸੁਥਰੀਆਂ ਖਾਣ ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਯਤਨ ਜਾਰੀ ਹਨ।