ਪੰਜਾਬ ਦੇ ਪਿੰਡਾਂ ਅੰਦਰ ਹੋਏ ਵਿਕਾਸ ਨੂੰ ਦੇਖ ਕੇ ਪੂਰੀ ਤਰ੍ਹਾਂ ਪ੍ਰਭਾਵਤ ਹੋਏ ਜੰਮੂ ਕਸ਼ਮੀਰ ਦੇ ਸਰਪੰਚ
ਫ਼ਾਜ਼ਿਲਕਾ, 16 ਸਤੰਬਰ 2021 : ਜੰਮੂ ਕਸ਼ਮੀਰ ਦੇ ਵੱਖ – ਵੱਖ ਜ਼ਿਲ੍ਹਿਆਂ ਤੋਂ ਪਿੰਡਾਂ ਦੇ ਸਰਪੰਚਾਂ ਦਾ ਵਫ਼ਦ ਪੰਜਾਬ ਦੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੀ ਝਲਕ ਦੇਖਣ ਲਈ ਪੰਜਾਬ ਦੇ ਦੌਰੇ ਉਪਰ ਹੈ । ਇਸ 62 ਮੈਂਬਰੀ ਵਫਦ ਦੀ ਅਗਵਾਈ ਬੀ ਡੀ ਪੀ ਓ ਮੁਹੰਮਦ ਅਕਬਰ ਕਰ ਰਹੇ ਹਨ। ਇਸ ਵਫ਼ਦ ਵਿੱਚ 6 ਲੇਡੀ ਸਰਪੰਚ ਵੀ ਮੌਜੂਦ ਹਨ ।
ਛੋਟੀ ਉਮਰ ਦੀ ਨੌਜਵਾਨ ਔਰਤ ਸਰਪੰਚ ਅਮਨਦੀਪ ਕੌਰ ਪਿੰਡ ਫਤਿਹਪੁਰ ਜ਼ਿਲ੍ਹਾ ਬਾਰਾਮੂਲਾ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਪਿੰਡਾਂ ਅੰਦਰ ਹੋਏ ਰਿਕਾਰਡ ਵਿਕਾਸ ਤੋਂ ਬਹੁਤ ਪ੍ਰਭਾਵਤ ਹੋਏ ਹਨ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਅਮੀਰ ਖਾਸ ਅੰਦਰ ਰਿਕਾਰਡ ਵਿਕਾਸ ਕੰਮ ਦੇਖਣ ਦੇ ਨਾਲ ਨਾਲ ਹੀ ਭਾਈਚਾਰਕ ਸਾਂਝ ਵੀ ਸਲਾਹੁਣਯੋਗ ਹੈ । ਉਨ੍ਹਾਂ ਕਿਹਾ ਕਿ ਇਸ ਪਿੰਡ ਅੰਦਰ ਮੰਦਰ , ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਮੁਸਲਮਾਨ ਫ਼ਕੀਰ ਦੀ ਦਰਗਾਹ ਉਪਰ ਹੁੰਦਾ ਸਤਿਕਾਰ ਦੇਖ ਕੇ ਉਨ੍ਹਾਂ ਭਾਈਚਾਰਕ ਏਕਤਾ ਦਾ ਨਮੂਨਾ ਦੇਖਿਆ ਹੈ । ਉਹ ਵੀ ਚਾਹੁਣਗੇ ਕਿ ਪੰਜਾਬ ਦੇ ਸਰਪੰਚਾਂ ਅਤੇ ਹੋਰ ਜਨਤਕ ਨੁਮਾਇੰਦਿਆਂ ਦੇ ਟੂਰ ਸਵਰਗ ਰੂਪੀ ਕਸ਼ਮੀਰ ਨੂੰ ਨੇੜੇ ਤੋਂ ਦੇਖਣ ਲਈ ਆਉਣ ।
ਪਿੰਡ ਲਾਮਣ ਬਲਾਕ ਕੰਗਣ ਜ਼ਿਲ੍ਹਾ ਗਾਂਦਰਬਲ ਦੀ ਮਹਿਲਾ ਸਰਪੰਚ ਬੇਗ਼ਮ ਅਕਬਰ ਜਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਅੰਦਰ ਹੋਏ ਵਿਕਾਸ ਕੰਮਾਂ ਨੂੰ ਦੇਖਣ ਦੇ ਨਾਲ ਨਾਲ ਇੱਥੋਂ ਦੇ ਲੋਕਾਂ ਵੱਲੋਂ ਕੀਤੇ ਗਏ ਮਾਣ ਸਤਿਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਸਰਪੰਚ ਅਤਾ ਮੁਹੰਮਦ ਪਿੰਡ ਕੰਗਣ ਨੇ ਕਿਹਾ ਕਿ ਪੰਜਾਬ ਦੀਆਂ ਪੰਚਾਇਤਾਂ ਕੋਲ ਵਾਹੀਯੋਗ ਜ਼ਮੀਨ ਹੋਣ ਕਾਰਨ ਆਰਥਿਕ ਵਸੀਲੇ ਦਾ ਪ੍ਰਬੰਧ ਹੁੰਦਾ ਹੈ ਜੋ ਕਿ ਕਸ਼ਮੀਰ ਦੀਆਂ ਪੰਚਾਇਤਾਂ ਕੋਲ ਬਹੁਤ ਘੱਟ ਹੈ । ਸਰਪੰਚ ਮੁਹੰਮਦ ਰਮਜ਼ਾਨ ਨੇ ਵੀ ਕਿਹਾ ਕਿ ਉਹ ਪਿੰਡ ਦੇ ਨਿਕਾਸੀ ਪਾਣੀ ਦੇ ਟਰੀਟਮੈਂਟ ਪਲਾਂਟ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਏ ਹਨ । ਦੱਸਣਯੋਗ ਹੈ ਕਿ ਇਹ ਵਫ਼ਦ16 ਸਤੰਬਰ ਤੋਂ 19 ਸਤੰਬਰ ਤੱਕ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਨੇੜੇ ਤੋਂ ਦੇਖਣ ਲਈ ਆਇਆ ਹੈ ।
ਪਿੰਡ ਅਮੀਰ ਖਾਸ ਦੇ ਸਰਪੰਚ ਹਰਬੰਸ ਲਾਲ ਕੰਬੋਜ, ਉਨ੍ਹਾਂ ਦੀ ਧਰਮਪਤਨੀ ਅਤੇ ਪਿੰਡ ਦੇ ਪੰਚ ਅਤੇ ਯੂਥ ਕਲੱਬ ਦੇ ਨੁਮਾਇੰਦੇ ਇਸ ਵਫ਼ਦ ਦੀ ਅਗਵਾਈ ਅਤੇ ਸੇਵਾ ਸੰਭਾਲ ਕਰ ਰਹੇ ਸਨ ।