ਪਿਛਲੇ ਪੰਜ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹੈ ਪਿੰਡ ਖੇੜੀ ਸਾਹਿਬ ਦਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ

ਸੰਗਰੂਰ, 16 ਸਤੰਬਰ 2021 : ਜ਼ਿਲ੍ਹੇ ਦੇ ਪਿੰਡ ਖੇੜੀ ਸਾਹਿਬ ਦਾ 28 ਸਾਲਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਸੰਧੂ ਪਿਛਲੇ ਪੰਜ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ ਤੇ ਹੋਰ ਕਿਸਾਨਾਂ ਨੂੰ ਵੀ ਇਸ ਲਈ ਜਾਗਰੂਕ ਕਰ ਰਿਹਾ ਹੈ।
ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਾਮੇਤੀ ਵੱਲੋਂ ਯੂ ਼ਐਨ ਼ਈ ਼ਪੀ (ਯੂਨਾਈਟਡ ਨੇਸ਼ਨ ਇੰਨਵਾਇਰਨਮੈਂਟ ਪ੍ਰੋਗਰਾਮ) ਦੀ ਮਦਦ ਨਾਲ ਉਸ ਨੇ ਮਾਰਚ 2018 ਤੋਂ ਬਤੌਰ ਡੈਮੋਨਸਟ੍ਰੇਟਰ ਜ਼ਿਲ੍ਹਾ ਸੰਗਰੂਰ ਦੇ ਤਿੰਨ ਪਿੰਡ ਕਨੋਈ, ਤੁੰਗਾ, ਉਪੱਲੀ ਨੂੰ ਵਾਤਾਵਰਣ ਪੱਖੋਂ ਸਾਫ ਸੁਥਰਾ ਰੱਖਣ ਲਈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਹੈ । ਉਸ ਨੇ ਕਿਹਾ ਕਿ ਉਹ ਲੋੜਵੰਦ ਕਿਸਾਨਾਂ ਨੂੰ ਹੈਪੀਸੀਡਰ, ਰੋਟਾਵੇਟਰ ਆਦਿ ਉਪਲੱਬਧ ਵੀ ਕਰਵਾ ਰਿਹਾ ਹੈ।
ਗ੍ਰੈਜੂਏਸ਼ਨ ਪਾਸ ਕਿਸਾਨ ਪਰਵਿੰਦਰ ਸਿੰਘ ਸੰਧੂ ਨੇ ਦੱਸਿਆ ਉਸ ਵੱਲੋ ਸਾਲ 2016 ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਵੇਗਾ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰੇਗਾ। ਕਿਸਾਨ ਨੇ ਕਿਹਾ ਕਿ ਉਸ ਨੇ 22 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਝੋਨੇ ਦੇ ਖੜੇ ਕਰਚਿਆਂ ਵਿੱਚ ਰੋਟਾਵੇਟਰ ਮਸ਼ੀਨ ਨਾਲ ਕੀਤੀ ਅਤੇ 50-55 ਮਣ ਝਾੜ ਪ੍ਰਾਪਤ ਕੀਤਾ।ਉਸ ਨੇ ਕਿਹਾ ਕਿ ਇਸ ਦੇ ਨਾਲ ਉਸ ਦੇ ਖੇਤੀ ਨਾਲ ਸੰਬੰਧਤ ਖਰਚਿਆਂ ਵਿੱਚ ਵੀ ਬਹੁਤ ਕਮੀ ਆਈ।ਉਸ ਨੇ ਦੱਸਿਆ ਰੋਟਾਵੇਟਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਉਸ ਦੇ ਖੇਤ ਵਿੱਚ ਕਲੱਰ ਦੀ ਮਾਤਰਾ ਬਹੁਤ ਜਿਆਦਾ ਸੀ ਪਰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਤੇ ਖੇਤ ਵਿੱਚ ਲਗਾਤਾਰ ਹਰ ਸਾਲ ਜੈਵਿਕ ਮਾਦੇ ਦੀ ਮਾਤਰਾ ਵੱਧ ਰਹੀ ਹੈ।
ਸਫਲ ਕਿਸਾਨ ਪਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸ ਕੋਲ ਤਕਰੀਬਨ 12 ਪਸ਼ੂ ਜਿਵੇਂ ਮੱਝਾਂ, ਗਾਵਾਂ ਹਨ ਜਿਨਾਂ੍ਹ ਦੇ ਗੋਬਰ ਤੋਂ ਰੂੜੀ ਦੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਵਰਤੀ ਜਾਂਦੀ ਹੈ ਅਤੇ ਨਾਲ ਹੀ ਪਸ਼ੂਆਂ ਤੋਂ ਪ੍ਰਾਪਤ ਦੁੱਧ ਦਾ ਸਵੈ ਮੰਡੀਕਰਣ ਕਰਕੇ ਵਧੀਆ ਮੁਨਾਫਾ ਕਮਾ ਰਿਹਾ ਹੈ।ਇਸ ਤੋਂ ਇਲਾਵਾ ਪਰਵਿੰਦਰ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਜੈਵਿਕ ਤਰੀਕੇ ਨਾਲ ਘਰੇਲੂ ਇਸਤੇਮਾਲ ਲਈ ਹਰ ਪ੍ਰਕਾਰ ਦੀਆਂ ਮੌਸਮੀ ਸਬਜੀਆਂ ਅਤੇ ਫਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ।ਉਸ ਨੇ ਦੱਸਿਆ ਕਿ ਕੋਈ ਵੀ ਕਿਸਾਨ ਜਾਣਕਾਰੀ ਲਈ ਉਸ ਨਾਲ ਸੰਪਰਕਤ ਮੋਬਾਇਲ ਨੰਬਰ 94783-33302 ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਉ ਸਕਤੀ ਅਤੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਦਾ ਹੈ। ਪਰਾਲੀ ਦੇ ਧੂੰਏ ਨਾਲ ਕਈ ਵਾਰ ਕੀਮਤੀ ਜਾਨਾਂ ਵੀ ਜਾਂਦੀਆ ਹਨ। ਹੈਪੀਸੀਡਰ ਨਾਲ ਜਮੀਨ ਦੀ ਬਣਤਰ ਵਿੱਚ ਸੁਧਾਰ ਕਰਕੇ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।ਉਨਾਂ੍ਹ ਕਿਹਾ ਕਿ ਪਰਵਿੰਦਰ ਸਿੰਘ ਇੱਕ ਅਗਾਂਹਵਧੂ, ਵਾਤਾਵਰਣ ਪ੍ਰੇਮੀ ਕਿਸਾਨ ਹੈ ਜ਼ੋ ਅਪਣੇ ਇਲਾਕੇ ਦੇ ਨੌਜਵਾਨਾਂ ਅਤੇ ਹੋਰਨਾਂ ਕਿਸਾਨਾਂ ਲਈ ਲਈ ਇੱਕ ਮਿਸਾਲ ਦੇ ਤੌਰ ਤੇ ਉਭਰਿਆ ਹੈ ਅਤੇ ਅੱਜ ਦੇ ਦੌਰ ਵਿੱਚ ਪੰਜਾਬ ਦੇ ਨੌਜਵਾਨ ਕਿਸਾਨ ਵੀਰਾਂ ਲਈ ਸਰੋਤ ਹੈ।