ਮਿਡ ਡੇ ਮੀਲ ਸਕੀਮ ਤਹਿਤ ਸਾਢੇ 4 ਸਾਲਾਂ `ਚ ਜ਼ਿਲ੍ਹੇ ਵਿੱਚ 5976 ਲੱਖ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚੀ
ਫਾਜ਼ਿਲਕਾ, 16 ਸਤੰਬਰ 2021 : ਸਰਕਾਰਬਚਿਆਂ ਦੇ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਪੱਖੋਂ ਵੀ ਧਿਆਨ ਰੱਖ ਰਹੀ ਹੈ। ਬਚਿਆਂ ਨੂੰ ਸ਼ਰੀਰਿਕ ਪੱਖੋਂ ਮਜ਼ਬੂਤ ਕਰਨ ਲਈ ਪੋਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਮਿਡ ਡੇਅ ਮੀਲ ਸਕੀਮ ਚਲਾਈ ਜਾਂਦੀ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਪ੍ਰੈਲ 2017 ਤੋਂ ਲੈ ਕੇ ਹੁਣ ਤੱਕ ਮਿਡ ਡੇਅ ਮੀਲ ਸਕੀਮ ਤਹਿਤ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਖਾਣੇ ਲਈ ਜ਼ਿਲ੍ਹਾ ਫਾਜ਼ਿਲਕਾ `ਚ 5976 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਮਿਡ ਡੇਅ ਮੀਲ ਸਕੀਮ ਨੂੰ ਜ਼ਿਲੇ੍ਹ ਅੰਦਰ ਸਫਲਤਾਪੂਰਵਕ ਲਾਗੂ ਕਰਨ ਲਈ ਸਰਕਾਰ ਵੱਲੋਂ ਜਾਰੀ 5976 ਲੱਖ ਰੁਪਏ ਦੀ ਰਾਸ਼ੀ ਵਿਚੋਂ 4466 ਲੱਖ ਰੁਪਏ ਕੁਕਿੰਗ ਕੋਸਟ, ਖਾਣਾ ਬਣਾਉਣ ਵਾਲੇ ਕਰਮਚਾਰੀ ਲਈ 1429 ਲੱਖ ਅਤੇ ਕਿਚਨ ਸ਼ੈੱਡ ਤੇ ਕਿਚਨ ਗਾਰਡਰਨ ਲਈ 80 ਲੱਖ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਯੋਜਨਾ ਬੱਚਿਆਂ ਨੂੰ ਉਚ ਗੁਣਵਤਾ ਵਾਲਾ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਪਹਿਰ ਦਾ ਖਾਣਾ ਸਕੂਲ ਵਿਚ ਦੇਣ ਨਾਲ ਬੱਚਿਆਂ ਨੂੰ ਪੌਸਟਿਕ ਖਾਣਾ ਮਿਲਦਾ ਹੈ ਜਿਸ ਨਾਲ ਉਨ੍ਹਾਂ ਦਾ ਸਹੀ ਸ਼ਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ ਅਤੇ ਬੱਚੇ ਭੱਵਿਖ ਵਿਚ ਚੰਗਾ ਪੜ ਲਿਖ ਸਕਣਗੇ ਅਤੇ ਤੰਦਰੁਸਤ ਨਾਗਰਿਕ ਬਣਨਗੇ।
ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਸ. ਬ੍ਰਿਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਲਾਕਡਾਉਨ ਸਮੇਂ ਸਕੂਲ ਬੰਦ ਹੋਣ ਕਾਰਨ ਮਿਡ ਡੇਅ ਮੀਲ ਸਕੀਮ ਤਹਿਤ ਕੁਕਿੰਗ ਕੋਸਟ ਬਚਿਆਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ ਅਤੇ ਲੋੜੀਂਦਾ ਰਾਸ਼ਨ ਬਚਿਆਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ।
ਡਿਪਟੀ ਜ਼ਿਲ੍ਹਾ ਸਿਖਿਆ ਅਫਸਰ -ਕਮ- ਕੋਆਰਡੀਨੇਟਰ ਮਿਡ ਡੇਅ ਮੀਲ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਸਮੂਹ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਦੇ ਬੱਚਿਆਂ ਨੂੰ ਮਿਡ ਡੇ ਮੀਲ (ਦੁਪਹਿਰ ਦਾ ਖਾਣਾ) ਦਿੱਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫ਼ਾਜ਼ਿਲਕਾ ਵਿੱਚ 712 ਸਕੂਲਾਂ ਦੇ 101488 ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਇੰਨ੍ਹਾਂ ਵਿਚ 468 ਪ੍ਰਾਈਮਰੀ ਸਕੂਲਾਂ ਦੇ 60305, 230 ਅਪਰ ਪ੍ਰਾਈਮਰੀ ਸਕੂਲਾਂ ਦੇ 39332 ਬੱਚੇ ਅਤੇ 14 ਸਹਾਇਤਾ ਪ੍ਰਾਪਤ ਸਕੂਲਾਂ ਦੇ 1851 ਬੱਚੇ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ 4 ਰੁਪਏ 97 ਪੈਸੇ ਅਤੇ ਅਪਰ-ਪ੍ਰਾਇਮਰੀ ਦੇ ਬਚਿਆਂ ਨੂੰ 7 ਰੁਪਏ 45 ਪੈਸੇ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਅਨੁਸਾਰ ਖਰਚਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਨਿਰਧਾਰਤ ਮੀਨੂੰ ਅਤੇ ਮਿਕਦਾਰ ਅਨੁਸਾਰ ਖਾਣਾ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਵਿਚ ਪ੍ਰਤੀ ਦਿਨ ਪ੍ਰਤੀ ਵਿਦਿਆਰਥੀ ਨੂੰ 100 ਗ੍ਰਾਮ ਅਨਾਜ/ਚਾਵਲ ਅਤੇ ਅਪਰ-ਪ੍ਰਾਇਮਰੀ ਦੇ ਬਚਿਆਂ ਨੂੰ 150 ਗ੍ਰਾਮ ਅਨਾਜ/ਚਾਵਲ ਵੀ ਦਿੱਤਾ ਜਾਂਦਾ ਹੈ।