ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਜਿਲੇ ਦੇ ਦੋ ਕਿਸਾਨ ਦੇ ਬੱਚਿਆਂ ਨੂੰ ਦਿੱਤੀ ਸਰਕਾਰੀ ਨੌਕਰੀ
ਤਰਨਤਾਰਨ, 16 ਸਤੰਬਰ 2021 : ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਜਾਨ ਵਾਰਨ ਵਾਲੇ ਜਿਲੇ ਦੇ ਦੋ ਕਿਸਾਨਾਂ ਦੇ ਬੱਚਿਆਂ ਨੂੰ ਸਿਹਤ ਵਿਭਾਗ ਵਿਚ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਭਾਵੇਂ ਇਸ ਜਹਾਨ ਤੋਂ ਕੂਚ ਕਰਨ ਵਾਲੇ ਬੰਦੇ ਦਾ ਘਾਟਾ ਤਾਂ ਕੋਈ ਸਰਕਾਰ ਪੂਰਾ ਨਹੀਂ ਕਰ ਸਕਦੀ, ਪਰ ਕਿਸਾਨ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਮੁੱਖ ਮੰਤਰੀ ਪੰਜਾਬ ਵੱਲੋਂ ਇੰਨਾਂ ਪਰਿਵਾਰਾਂ ਦੇ ਯੋਗ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਤਹਿਤ ਅੱਜ ਅਸੀਂ ਦੋ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਿਹਤ ਵਿਭਾਗ ਵਿਚ ਨੌਕਰੀ ਲਈ ਪੇਸ਼ਕਸ ਦਿੱਤੀ ਹੈ। ਉਨਾਂ ਦੱਸਿਆ ਕਿ ਪਿੰਡ ਚੀਮਾ ਖੁਰਦ ਦੇ ਕਿਸਾਨ ਜੋਗਿੰਦਰ ਸਿੰਘ ਅਤੇ ਨੌਸ਼ਹਿਰਾ ਪੰਨੂਆਂ ਦੇ ਕਿਸਾਨ ਤੀਰਥ ਸਿੰਘ ਇਸ ਸੰਘਰਸ਼ ਵਿਚ ਆਪਣੀ ਜਾਨ ਕੁਰਬਾਨ ਕਰ ਗਏ।
ਡਿਪਟੀ ਕਮਿਸ਼ਨਰ ਨੇ ਦੋਵਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਕਿਹਾ ਕਿ ਤੁਹਾਡੇ ਮੁਖੀਆਂ ਦੀ ਜਾਨ ਸਾਂਝੇ ਕੰਮ ਲਈ ਗਈ ਹੈ ਅਤੇ ਉਨਾਂ ਲੋਕ ਹਿਤ ਲਈ ਕੁਰਬਾਨੀ ਦਿੱਤੀ ਹੈ। ਅਸੀਂ ਸਾਰੇ ਇਸ ਸੁਸਾਇਟੀ ਦਾ ਹਿੱਸਾ ਹੁੰਦੇ ਹੋਏ ਇਸ ਕੁਰਬਾਨੀ ਲਈ ਤੁਹਾਡੇ ਰਿਣੀ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ ਤਹਿਤ ਤਹਾਨੂੰ ਸਿਹਤ ਵਿਭਾਗ ਵਿਚ ਨੌਕਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅੱਜ ਇੰਨਾਂ ਨੌਜਵਾਨਾਂ ਦੇ ਕਾਗਜ਼ਾਤ ਪੂਰੇ ਕਰਕੇ ਕੇਸ ਮੁੱਖ ਦਫਤਰ ਨੂੰ ਭੇਜ ਦਿੱਤੇ ਗਏ ਹਨ ਅਤੇ ਅਗਲੇ ਹਫਤੇ ਇਹ ਸਰਕਾਰੀ ਨੌਕਰੀ ਸ਼ੁਰੂ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਤ ਉਬਰਾਏ, ਜੀ. ਏ. ਸ੍ਰੀ ਅਮਨਪ੍ਰੀਤ ਸਿੰਘ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਡੀ ਆਰ ਓ ਸ. ਅਰਵਿੰਦਰਪਾਲ ਸਿੰਘ, ਸਿਵਲ ਸਰਜਨ ਡਾ. ਰੋਹਿਤ ਮਹਿਤਾ, ਡੀ ਈ ਓ ਸ੍ਰੀ ਰਾਜੇਸ਼ ਸ਼ਰਮਾ, ਜਿਲਾ ਭਲਾਈ ਅਫਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਤੇ ਹੋਰ ਅਧਿਕਾਰੀ ਹਾਜ਼ਰ ਸਨ।