ਡਿਪਟੀ ਕਮਿਸਨਰ ਸੰਯਮ ਅਗਰਵਾਲ ਨੇ ਸਰਕਾਰੀ ਹਾਈ ਸਕੂਲ ਥਰਿਆਲ ਵਿੱਚ 45.50 ਲੱਖ ਦੀ ਲਾਗਤ ਨਾਲ ਬਣੇ ਸਮਾਰਟ ਕਲਾਸਰੂਮਾਂ ਦਾ ਕੀਤਾ ਉਦਘਾਟਨ
ਪਠਾਨਕੋਟ, 16 ਸਤੰਬਰ 2021 : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਸੂਬੇ ਦੇ ਭਵਿੱਖ ਯਾਨੀ ਵਿਦਿਆਰਥੀ ਵਰਗ ਦੀ ਉਸ ਨੀਂਹ ਨੂੰ ਮਜ਼ਬੂਤ ਕਰ ਦਿਤਾ ਹੈ, ਜਿਸ ਨਾਲ ਸੂਬਾ ਪੰਜਾਬ ਸਦਾ ਹੀ ਤਰੱਕੀ ਦੀ ਰਾਹ ‘ਤੇ ਤੁਰੇਗਾ। ਇਸ ਦੇ ਪੁਖਤਾ ਪ੍ਰਮਾਣ ਸਾਹਮਣੇ ਆ ਰਹੇ ਹਨ । ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਸਰਕਾਰੀ ਹਾਈ ਸਕੂਲ ਥਰਿਆਲ ਵਿੱਚ ਸਕੂਲ ਮੁੱਖ ਅਧਿਆਪਕਾ ਸੁਮਨ ਬਾਲਾ ਦੀ ਅਗਵਾਈ ਹੇਠ 45.50 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਕਮਰਿਆਂ ਦੇ ਉਦਘਾਟਨ ਕਰਨ ਸਮੇਂ ਕੀਤਾ। ਪ੍ਰੋਗਰਾਮ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਲੋਕ ਨਿਰਮਾਣ ਵਿਭਾਗ ਦੇ ਜੇਈ ਪਰਮਜੀਤ ਸਿੰਘ, ਸਟੇਟ ਅਵਾਰਡੀ ਨਰਿੰਦਰ ਲਾਲ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਰਪੰਚ ਥਰਿਆਲ ਕੈਂਡੀ ਸਿੰਘ, ਐਸਡੀਓ ਸੁਭਾਸ ਕੁਮਾਰ ਵਿਸੇਸ ਤੌਰ ਤੇ ਸਾਮਿਲ ਹੋਏ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸਨਰ ਸੰਯਮ ਅਗਰਵਾਲ ਨੇ ਪੀਜੀਆਈ ਇੰਡੈਕਸ ਵਿੱਚ ਪੰਜਾਬ ਦੇ ਨੰਬਰ ਇੱਕ ਸਥਾਨ ਹਾਸਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦਾ ਸਰਕਾਰੀ ਹਾਈ ਸਕੂਲ ਥਰਿਆਲ ਜੋ ਕਿ ਸਮਾਰਟ ਸਕੂਲ ਦੀ ਗਿਣਤੀ ‘ਚ ਮੋਹਰੀ ਹੈ ਅਤੇ ਪੰਜਾਬ ਸਰਕਾਰ ਕੋਲੋਂ ਮੋਹਰੀ ਸਕੂਲਾਂ ਦਾ ਇਨਾਮ ਵੀ ਜਿੱਤ ਚੁੱਕਿਆਂ ਹੈ, ਇਲਾਕੇ ਦੇ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਇਸ ਸਰਕਾਰੀ ਸਕੂਲ ‘ਚ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਲਗਾਤਾਰ ਦਾਖਲਾ ਲੈ ਰਹੇ ਹਨ । ਜੋ ਕਿ ਸਿੱਖਿਆ ਵਿਭਾਗ ਵੱਲੋਂ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਇੱਕ ਸੁਪਨੇ ਦੇ ਸੱਚ ਹੋਣ ਤੋਂ ਘਟ ਨਹੀਂ। ਉਨ੍ਹਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਲਈ ਸਕੂਲ ਸਟਾਫ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਡਿਪਟੀ ਡੀਈਓ ਰਾਜੇਸਵਰ ਸਲਾਰੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਸਕੂਲ ਦੀ ਦਿੱਖ ਬਾਹਰ ਤੋਂ ਹੀ ਸਮਾਰਟ ਨਹੀਂ ਸਗੋਂ ਅੰਦਰੂਨੀ ਦਿੱਖ ਉਸ ਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਸਕੂਲ ਦੀਆਂ ਲੈਬਾਂ ਅਤੇ ਕਮਰਿਆਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਸਮਾਰਟ ਬਣਾਉਣ ਲਈ ਸਰਕਾਰ ਦੇ ਯਤਨਾਂ ਦੇ ਨਾਲ ਨਾਲ ਸਕੂਲ ਦਾ ਸਮੂਹ ਸਟਾਫ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੀ ਵਧਾਈ ਦੇ ਪਾਤਰ ਹਨ। ਸਕੂਲ ਮੁੱਖ ਅਧਿਆਪਕਾ ਸੁਮਨ ਬਾਲਾ ਵਲੋਂ ਇਸ ਮੌਕੇ ਤੇ ਹਾਜ਼ਰ ਸਮੂਹ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਨਦੀਪ ਕਾਟਲ, ਦੇਵਰਾਜ, ਬਿੱਟਾ ਕਾਟਲ, ਲਖਬੀਰ ਸਿੰਘ, ਪ੍ਰਤਾਪ ਸਿੰਘ, ਅਮਿਤ ਕੁਮਾਰ, ਨੇਹਾ, ਕੁਲਜੀਤ ਸਿੰਘ ਸੈਣੀ, ਮਨਜੀਤ ਕੌਰ, ਰਜਨੀ ਬਾਲਾ, ਕਾਜਲ, ਕੁਲਜਿੰਦਰ ਕੌਰ, ਸਲੋਨੀ, ਸੰਜੀਵ ਸਿੰਘ, ਰਾਕੇਸ ਕੁਮਾਰ ਆਦਿ ਹਾਜਰ ਸਨ।