ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਰਵਾਉਣਗੇ ਆਪਣੇ ਮੈਂਬਰਾਂ ਨੂੰ ਰੁਜ਼ਗਾਰ ਮੁਹੱਈਆ

0

ਲੁਧਿਆਣਾ 15 ਸਤੰਬਰ 2021 :  ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਜਿਲ੍ਹਾ ਲੁਧਿਆਣਾ ਦੇ ਬੈਂਕਾਂ ਵੱਲੋਂ ਆਪਣੇ ਮੈਂਬਰਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਜਿਲ੍ਹੇ ਦੇ 8 ਬੈਂਕਾਂ ਵੱਲੋਂ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ 35 ਮੈਂਬਰਾਂ ਨੂੰ 106.25 ਲੱਖ ਰੁਪਏ ਦੇ ਚੈਕ ਦਿੱਤੇ ਗਏ ਅਤੇ 17 ਮੈਂਬਰਾਂ ਦੇ 100.60 ਲੱਖ ਰੁਪਏ ਦੇ ਕਰਜੇ ਸੈਂਕਸ਼ਨ ਕੀਤੇ ਗਏ, ਜਿਨ੍ਹਾਂ ਦੇ ਅਗਲੇ ਦਿਨਾਂ ਵਿਚ ਚੈਕ ਤਕਸੀਮ ਕਰ ਦਿੱਤੇ ਜਾਣਗੇ।

ਇਸ ਸਬੰਧੀ ਜਿਲ੍ਹਾ ਲੁਧਿਆਣਾ ਦੇ ਸਹਾਇਕ ਜਨਰਲ ਮੈਨੇਜਰ ਗਰੀਸ਼ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪ੍ਰਬੰਧ ਨਿਰਦੇਸ਼ਕ ਰਾਜੀਵ ਗੁਪਤਾ ਆਈ.ਏ.ਐਸ. ਦੀ ਰਹਿਨੁਮਾਈ ਹੇਠ ਪੰਜਾਬ ਭਰ ਵਿਚ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਜਿਲ੍ਹਾ ਲੁਧਿਆਣਾ ਦੇ ਬੈਂਕਾਂ ਨੇ ਆਪਣੇ ਮੈਂਬਰਾਂ ਨੂੰ ਸਵੈ ਰੁਜ਼ਗਾਰ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਕਰਜੇ ਵੰਡੇ ਗਏ। ਉਨ੍ਹਾਂ ਕਿਸਾਨ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨਾਲ ਜੁੜਨ ਅਤੇ ਬੈਂਕ ਦੀਆਂ ਸਕੀਮਾਂ ਦਾ ਲਾਭ ਉਠਾਉਣ।

ਉਲੀਕੇ ਗਏ ਪ੍ਰੋਗਰਾਮ ਤਹਿਤ ਪੀ.ਏ.ਡੀ.ਬੀ. ਲੁਧਿਆਣਾ ਵਿਖੇ ਸ਼੍ਰੀਮਤੀ ਅੰਜੂ ਬਾਲਾ ਪ੍ਰਸ਼ਾਸਕ ਜਗਰਾਓਂ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ, ਰਾਏਕੋਟ ਵਿਖੇ ਰਣਜੀਤ ਸਿੰਘ ਡਾਇਰੈਕਟਰ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਮਲੌਦ ਵਿਖੇ ਕੁਲਵੀਰ ਸਿੰਘ ਸੋਹੀਆਂ ਸਕੱਤਰ ਪੰਜਾਬ ਕਾਂਗਰਸ ਕਮੇਟੀ, ਦੋਰਾਹਾ ਵਿਖੇ ਜਸਕਰਨਜੀਤ ਸਿੰਘ ਬੈਂਕ ਪ੍ਰਧਾਨ, ਸਮਰਾਲਾ ਵਿਖੇ ਸੰਜੀਵ ਕੁਮਾਰ ਮੈਨੇਜਰ, ਖੰਨਾਂ ਅਤੇ ਮਾਛੀਵਾੜਾ ਵਿਖੇ ਜਸਮੀਤਰਾਜ ਸਿੰਘ ਡਾਇਰੈਕਟਰ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਚੈਕ ਤਕਸੀਮ ਕੀਤੇ।

ਸ਼੍ਰੀ ਮਿੱਤਲ ਨੇ ਡਿਫਾਲਟਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕਰਜੇ ਦੀਆਂ ਕਿਸ਼ਤਾਂ ਸਹੀ ਸਮੇਂ ‘ਤੇ ਵਾਪਿਸ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਡਿਫਾਲਟਰ ਕਰਜੇ ਦੀ 20% ਰਕਮ ਇਕੱਠੀ ਜਮ੍ਹਾਂ ਕਰਵਾਉਣਗੇ ਤਾਂ ਉਨ੍ਹਾਂ ਵੱਲ ਲੱਗਦਾ ਸਾਰਾ ਦੰਡਿਤ ਵਿਆਜ ਮੁਆਫ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡਿਫਾਲਟਰ ਮੈਂਬਰ ਬੈਂਕ ਦੀ ਕਰਜਾ ਪੁਨਰਗਠਨ ਸਕੀਮ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਡਿਫਾਲਟਰ ਕਰਜ਼ੇ ਨੂੰ ਘੱਟ ਵਿਆਜ ਵਿਚ ਤਬਦੀਲ ਕਰਵਾ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!