ਤਰਨਤਾਰਨ-ਅੰਮ੍ਰਿਤਸਰ ਸੜਕ ਉੱਤੇ ਬਣੇਗਾ ਰੇਲਵੇ ਓਵਰ ਬ੍ਰਿਜ- ਡਿੰਪਾ

0

ਤਰਨਤਾਰਨ, 15 ਸਤੰਬਰ 2021 : ਪੁਰਾਣੀ ਤਰਨਤਾਰਨ-ਅੰਮ੍ਰਿਤਸਰ ਸੜਕ ਉਤੋਂ ਲੰਘਦੀ ਅੰਮ੍ਰਿਤਸਰ  ਤੋਂ ਖੇਮਕਰਨ ਰੇਲ ਲਾਈਨ ਜੋ ਕਿ ਨਿਕਟ ਭਵਿੱਖ ਵਿਚ ਫਿਰੋਜ਼ਪੁਰ ਤੱਕ ਵਧਾਈ ਜਾ ਰਹੀ ਹੈ, ਅਕਸਰ ਰੇਲ ਗੱਡੀਆਂ ਦੀ ਆਵਾਜਾਈ ਕਾਰਨ ਲੰਮੇ ਸੜਕੀ ਜਾਮ ਦਾ ਕਾਰਨ ਬਣਦੀ ਹੈ। ਹਾਲ ਹੀ ਵਿਚ ਜਦੋਂ ਕਿਸਾਨਾਂ ਵੱਲੋਂ ਮਾਨਾਂਵਾਲਾ ਨੇੜੇ ਲੰਮਾ ਸਮਾਂ ਰੇਲ ਪਟੜੀ ਉਤੇ ਧਰਨਾ ਦਿੱਤਾ ਗਿਆ ਤਾਂ ਰੇਲਵੇ ਇਸ ਲਾਈਨ ਤੋਂ ਜਲੰਧਰ ਰਸਤੇ ਵਾਲੀਆਂ ਸਾਰੀਆਂ ਰੇਲ ਗੱਡੀਆਂ ਲੰਘਾਉਦਾ ਰਿਹਾ, ਜਿਸ ਕਾਰਨ ਲੋਕਾਂ ਨੂੰ ਲਗਾਤਾਰ ਲੰਮੇ ਜਾਮ ਦਾ ਸਾਹਮਣਾ ਕਰਨਾ ਪਿਆ ਸੀ।

ਲੋਕਾਂ ਦੀ ਇਸ ਸਮੱਸਿਆ ਨੂੰ ਵੇਖਦੇ ਹੋਏ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਇਸ ਰੇਲਵੇ ਕ੍ਰਾਸਿੰਗ ਉਪਰ ਪੁਲ ਬਨਾਉਣ ਲਈ ਰੇਲਵੇ ਨਾਲ ਤਾਲਮੇਲ ਕੀਤਾ ਸੀ, ਜਿਸ ਨੂੰ ਉਨ੍ਹਾਂ ਦੀਆਂ ਲਗਾਤਾਰ ਕੋਸਿਸ਼ਾ ਨਾਲ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਰੇਲਵੇ ਨੇ ਇਸ ਸੜਕ ਉਪਰ ਪੁਲ ਬਣਾਉਣ ਦੀ ਹਾਮੀ ਭਰ ਦਿੱਤੀ ਹੈ।

ਅੱਜ ਸ੍ਰੀ  ਜਸਬੀਰ ਸਿੰਘ ਡਿੰਪਾ ਨੇ ਇਸ ਬਾਬਤ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਦੀ ਹਾਜ਼ਰੀ ਵਿੱਚ ਰੇਲਵੇ ਅਤੇ ਸਿਵਲ ਦੇ ਇੰਜੀਨੀਅਰਾਂ ਨਾਲ ਤਰਨ ਤਾਰਨ ਵਿਖੇ ਮੀਟਿੰਗ ਕਰਕੇ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਇਸ ਦਾ ਖਾਕਾ ਤਿਆਰ ਕਰਨ ਦੀ ਹਦਾਇਤ ਕੀਤੀ ਹੈ। ਸ਼ੁਰੂਆਤੀ ਖਰਚੇ ਜੋ ਕਿ ਇਸ ਦੀ ਯੋਜਨਾ ਉਤੇ ਖਰਚ ਹੋਣੇ ਹਨ ਲਈ ਸ੍ਰੀ ਡਿੰਪਾ ਨੇ 11 ਲੱਖ ਰੁਪਏ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਇਸ ਮੁਸ਼ਕਿਲ ਦਾ ਜਲਦੀ ਨਿਪਟਾਰਾ ਚਾਹੁੰਦਾ ਹਾਂ, ਕਿਉਂਕਿ ਰੋਜ਼ਾਨਾ ਇਸ ਸੜਕ ਤੋਂ ਲੰਘਣ ਵੇਲੇ ਅਕਸਰ ਵੱਡੇ ਜਾਮ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ।

ਜਿਕਰਯੋਗ ਹੈ ਕਿ ਭਾਵੇਂ ਨਵਾਂ ਜੀ ਟੀ ਰੋਡ ਬਣਨ ਨਾਲ ਹੈਵੀ ਟਰੈਫਿਕ ਉਧਰ ਨੂੰ ਬਦਲਿਆ ਹੈ, ਪਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ, ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਅਤੇ ਰੋਜ਼ਾਨਾ ਆਉਣ ਜਾਣ ਵਾਲੇ ਲੋਕ ਪੁਰਾਣੀ ਸੜਕ ਨੂੰ ਹੀ ਵਰਤਦੇ ਹਨ ਜਿਸ ਕਾਰਨ ਟਰੈਫਿਕ ਅਜੇ ਵੀ ਬਹੁਤ ਹੈ।

ਅੱਜ ਦੀ ਮੀਟਿੰਗ ਵਿੱਚ ਸਹਾਇਕ ਡਵੀਜ਼ਨ ਇੰਜੀਨੀਅਰ ਸ੍ਰੀ ਯੋਗੇਸ਼ ਸੋਨੀ, ਸੀਨੀਅਰ ਸੈਕਸ਼ਨ ਇੰਜੀਨੀਅਰ ਸ੍ਰੀ ਸੰਜੀਵ ਅਰੋੜਾ ਤੇ ਮਹਿੰਦਰਪਾਲ ਸਿੰਘ, ਐਸ ਈ ਲੋਕ ਨਿਰਮਾਣ ਵਿਭਾਗ ਸ ਇੰਦਰਜੀਤ ਸਿੰਘ, ਐਕਸੀਅਨ ਗੁਰਿੰਦਰ ਸਿੰਘ, ਸਹਾਇਕ ਇੰਜੀਨੀਅਰ ਪਰਮਜੀਤ ਸਿੰਘ, ਸ ਗੁਰਮਿੰਦਰ ਸਿੰਘ ਰਟੌਲ, ਸ੍ਰੀ ਮਨਜੀਤ ਸਿੰਘ ਢਿਲੋਂ, ਹਰਿੰਦਰ ਸਿੰਘ ਢਿਲੋਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *