ਕਿਸਾਨ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਖੇਤੀ ਮਸ਼ੀਨਰੀ ਲੈਣ ਵਾਸਤੇ ‘ਆਈ ਖੇਤ ਐਪ’ ਦੀ ਵਰਤੋਂ ਕਰਨ : ਡਿਪਟੀ ਕਮਿਸ਼ਨਰ
ਤਰਨਤਾਰਨ, 14 ਸਤੰਬਰ 2021 : ਪਰਾਲੀ ਦੀ ਸਚੁੱਜੀ ਸਾਂਭ-ਸੰਭਾਲ ਲਈ ਜਿਲਾ ਤਰਨਤਾਰਨ ਵਿਚ ਸਹਿਕਾਰੀ ਸਭਾਵਾਂ ਕੋਲ 1243 ਖੇਤੀਬਾੜੀ ਸੰਦ ਮੌਜੂਦ ਹਨ, ਜਿੰਨਾ ਸਹਿਕਾਰੀ ਸਭਾਵਾਂ ਨੇ ਅਜੇ ਸੰਦ ਲੈਣ ਲਈ ਬਿਨੈ ਪੱਤਰ ਦਿੱਤੇ ਹਨ, ਨੂੰ ਵੀ 20 ਸਤੰਬਰ ਤੱਕ ਖੇਤੀ ਸੰਦ ਖਰੀਦ ਦਿੱਤੇ ਜਾਣਗੇ, ਤਾਂ ਜੋ ਉਹ ਪਰਾਲੀ ਦੀ ਸਾਂਭ-ਸੰਭਾਲ ਖੇਤਾਂ ਵਿਚ ਹੀ ਕਰਨ। ਇਸ ਤਰਾਂ ਇੰਨਾਂ ਸੰਦਾਂ ਨੂੰ ਹਰ ਕਿਸਾਨ ਤੱਕ ਸਮੇਂ ਸਿਰ ਪੁੱਜਦਾ ਕਰਨ ਲਈ ਵੀ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਆਈ. ਏ. ਐਸ ਨੇ ਪਰਾਲੀ ਦੀ ਸਾਂਭ-ਸੰਭਾਲ ਦੇ ਵਿਸ਼ੇ ਉਤੇ ਖੇਤੀਬਾੜੀ, ਸਹਿਕਾਰੀ, ਪੰਚਾਇਤ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਸਾਂਝੀ ਕੀਤੀ। ਉਨਾਂ ਸਹਿਕਾਰੀ ਵਿਭਾਗ ਤੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਨਾਉਣ ਕਿ ਹਰ ਕਿਸਾਨ ਕੋਲ ਲੋੜ ਵੇਲੇ ਪਰਾਲੀ ਦੀ ਸਾਂਭ-ਸੰਭਾਲ ਵਾਲੇ ਸੰਦ ਪਹੁੰਚਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀ ਵਿਭਾਗ ਨੇ ਇਸ ਸਬੰਧੀ ਮਸ਼ੀਨਰੀ ਦੀ ਉਪਲਬੱਧਤਾ ਅਤੇ ਉਡੀਕ ਆਦਿ ਦੀ ਜਾਣਕਾਰੀ ਦੇਣ ਲਈ ਆਈ ਖੇਤ ਐਪ ਬਣਾਇਆ ਹੈ, ਜਿਸ ਨਾਲ ਕਿਸਾਨ ਨੂੰ ਖੇਤੀ ਸੰਦ ਦੀ ਮੌਜੂਦਗੀ, ਉਸ ਤੋਂ ਦੂਰੀ ਅਤੇ ਕਿਸ ਸਮੇਂ ਖੇਤੀ ਸੰਦ ਮਿਲ ਸਕੇਗਾ ਆਦਿ ਬਾਰੇ ਨਾਲੋ-ਨਾਲ ਜਾਣਕਾਰੀ ਮਿਲਦੀ ਰਹੇਗੀ।
ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਹੁੰਦੇ ਨੁਕਸਾਨ ਅਤੇ ਪਰਾਲੀ ਨੂੰ ਖੇਤ ਵਿਚ ਮਿਲਾਉਣ ਦੇ ਹੁੰਦੇ ਲਾਭ ਤੋਂ ਜਾਣੂੰ ਕਰਵਾਇਆ ਜਾਵੇ, ਤਾਂ ਜੋ ਕਿਸਾਨ ਖ਼ੁਦ ਹਾਨ-ਲਾਭ ਸੋਚ ਕੇ ਫੈਸਲਾ ਲੈਣ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਤੁਹਾਡੇ ਨਾਲ ਹੈ, ਤੁਸੀਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਪਰਾਲੀ ਨੂੰ ਖੇਤਾਂ ਵਿਚ ਮਿਲਾਓ, ਨਾ ਕਿ ਥੋੜੇ ਸਮੇਂ ਦੀ ਅਸਾਨੀ ਲਈ ਵੱਡਾ ਨੁਕਸਾਨ ਕਰੋ।
ਉਨਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਉਤੇ ਚੱਲਦੇ ਹੋਏ ਪਾਣੀ, ਧਰਤੀ ਤੇ ਹਵਾ ਨੂੰ ਦੂਸ਼ਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਧਰਤੀ ਉਤੇ ਜੀਵਨ ਬਣਾਈ ਰੱਖਣ ਲਈ ਸਭ ਤੋਂ ਅਹਿਮ ਹਨ। ਉਨਾਂ ਸਾਰੇ ਵਿਭਾਗਾਂ ਨੂੰ ਇਸ ਮਿਸ਼ਨ ਵਿਚ ਇਕ ਟੀਮ ਵਜੋਂ ਕੰਮ ਕਰਨ ਦਾ ਸੁਝਾਅ ਦਿੰਦੇ ਹੁਣ ਤੋਂ ਹੀ ਕਮਰਕੱਸੇ ਕਰਨ ਦੀ ਹਦਾਇਤ ਕੀਤੀ। ਮੀਟਿੰਗ ਵਿਚ ਖੇਤੀਬਾੜੀ ਮੁਖੀ ਸ. ਕੁਲਜੀਤ ਸਿੰਘ ਸੈਣੀ, ਡੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ, ਡੀ. ਆਰ. ਜਸਪਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।