ਪੰਜਾਬ ਸਰਕਾਰ ਵੱਲੋਂ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੀਆਂ ਈ. ਲੈਬਜ਼ ਦਾ ਪੱਧਰ ਉੱਚਾ ਚੁੱਕਣ ਦਾ ਫੈਸਲਾ, ਗ੍ਰਾਂਟ ਜਾਰੀ

0

ਚੰਡੀਗੜ੍ਹ, 14 ਸਤੰਬਰ 2021 : ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਬਿਨਾ ਕਿਸੇ ਰੁਕਾਵਟ ਤੋਂ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੀਆਂ ਈ.ਲੈਬਜ਼ ਦਾ ਪੱਧਰ ਉੱਚਾ ਚੁੱਕਣ ਦਾ ਫੈਸਲਾ ਕੀਤਾ ਹੈ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਇਸ ਸਬੰਧ ਵਿੱਚ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪਹਿਲੇ ਗੇੜ ਦੌਰਾਨ 2682 ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੀਆ ਲੈਬਜ਼ ਦੀ ਨੁਹਾਰ ਬਦਲੀ ਜਾਵੇਗੀ। ਇਸ ਵਾਸਤੇ 2,01,15,000 ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਇਹ ਰਾਸ਼ੀ ਈ.ਲੈਬਜ਼ ਵਿੱਚ ਲੱਗੇ ਹੋਏ ਕੰਪਿਊਟਰਾਂ ਨਾਲ ਸਬੰਧਿਤ ਸਾਰੇ ਉਪਕਰਨਾਂ ਦਾ ਰੱਖ-ਰਖਾਓ ਅਤੇ ਮੁਰੰਮਤ ਲਈ ਖਰਚ ਕੀਤੀ ਜਾਵੇਗੀ। ਇਸ ਦਾ ਉਦੇਸ਼ ਨਾ ਕੇਵਲ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਨਿਰਵਿਘਨ ਜਾਰੀ ਰੱਖਣਾ ਹੈ ਸਗੋਂ ਉਨ੍ਹਾਂ ਲੈਬਜ਼ ਵਿੱਚ ਵਧੀਆ ਮਾਹੌਲ ਵੀ ਉਪਲਬਧ ਕਰਵਾਉਣਾ ਹੈ। ਬੁਲਾਰੇ ਅਨੁਸਾਰ ਜਿਲ੍ਹਾ ਸਿੱਖਿਆ ਅਫਸਰਾਂ (ਸੀਨੀਅਰ ਸੈਕੰਡਰੀ) ਨੂੰ ਲਿਖੇ ਗਏ ਪੱਤਰ ਵਿੱਚ ਇਸ ਗ੍ਰਾਂਟ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਨੂੰ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ।

ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 70 ਫੀਸਦੀ ਤੋਂ ਵੱਧ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਪੂਰੀ ਤਰ੍ਹਾਂ ਕਾਇਆ-ਕਲਪ ਹੋ ਗਈ ਹੈ। ਹੁਣ ਸੂਬਾ ਸਰਕਾਰ ਇਨ੍ਹਾਂ ਸਕੂਲਾਂ ਦਾ ਪੱਧਰ ਹੋਰ ਉੱਚਾ ਚੁੱਕਣ ਵੱਲ ਕਦਮ ਵਧਾ ਰਹੀ ਹੈ।

About The Author

Leave a Reply

Your email address will not be published. Required fields are marked *

error: Content is protected !!