1 ਨਵੰਬਰ ਤੱਕ ਚੱਲੇਗੀ ‘ਟੀ.ਬੀ. ਕੇਸ ਫਾਇੰਡਿੰਗ’ ਮੁਹਿੰਮ : ਡਾ. ਅੰਜਨਾ ਗੁਪਤਾ
ਸੰਗਰੂਰ, 13 ਸਤੰਬਰ 2021 : ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ 2 ਸਤੰਬਰ ਤੋਂ 1 ਨਵੰਬਰ 2021 ਤਕ ਜ਼ਿਲ੍ਹੇ ਭਰ ਵਿਚ ਸਕਰੀਨਿੰਗ ਕਰ ਕੇ ਟੀ. ਬੀ. ਦੇ ਕੇਸ ਲੱਭਣ ਲਈ ਸਰਵੇਖਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀ. ਬੀ. ਦੇ ਨਵੇਂ ਮਰੀਜ਼ ਲੱਭਣ ਲਈ ਹਾਈ ਰਿਸਕ ਏਰੀਆ ਜਿਵੇਂ ਬਸਤੀਆਂ, ਝੁੱਗੀ ਝੌਂਪੜੀਆਂ, ਭਠੇਰਾਂ ਆਦਿ ਵਿਖੇ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕਰੀਨਿੰਗ ਕੀਤੀ ਜਾ ਰਹੀ ਹੈ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ ਬੁਖਾਰ ਜਾਂ ਵਜ਼ਨ ਘਟਣਾ ਜਾਂ ਭੁੱਖ ਨਾ ਲੱਗ ਰਹੀ ਹੋਵੇ, ਉਸ ਨੂੰ ਇਸ ਸਰਵੇ ਦੌਰਾਨ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਵਿਕਾਸ ਧੀਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੇ ਟੀ.ਬੀ. ਦੀ ਜਾਂਚ ਲਈ ਬਲਗਮ ਦੇ ਨਮੂਨੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੋ ਵਿਅਕਤੀ ਪਾਜ਼ਿਟਿਵ ਆਵੇਗਾ, ਉਸ ਦਾ ਟੀ.ਬੀ. ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੋਟੀਫਾਈ ਹੋਏ ਹਰੇਕ ਮਰੀਜ਼ ਨੂੰ ਨਿਕਸ਼ੈ ਤਹਿਤ ਟੀ. ਬੀ. ਦੇ ਇਲਾਜ ਦੌਰਾਨ ਸਰਕਾਰ ਵੱਲੋਂ ਭੱਤਾ ਵੀ ਦਿੱਤਾ ਜਾਵੇਗਾ। ਉਨ੍ਹਾਂ ਟੀ.ਬੀ. ਮਰੀਜ਼ਾਂ ਨੰੂ ਅਪੀਲ ਕੀਤੀ ਕਿ ਟੀ.ਬੀ. ਦੇ ਇਲਾਜ ਦੌਰਾਨ ਇਸ ਦੀ ਦਵਾਈ ਕਦੇ ਵੀ ਅਧੂਰੀ ਨਾ ਛੱਡੀ ਜਾਵੇ। ਜ਼ਿਲ੍ਹਾ ਟੀ.ਬੀ. ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਵੇਖਣ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ।