ਸਰੀਰਕ ਤੰਦਰੁਸਤੀ ਲਈ ਲਈ ਸੰਤੁਲਿਤ ਭੋਜਨ ਅਤਿ ਜਰੂਰੀ : ਡਾ ਰਿਸ਼ਭਪ੍ਰੀਤ
ਫਤਿਹਗੜ੍ਹ ਸਾਹਿਬ, 13 ਸਤੰਬਰ 2021 : ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਸਿਵਲ ਸਰਜਨ ਡਾ ਸਤਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਜਿਲ੍ਹੇ ਵਿੱਚ 1 ਤੋਂ 30 ਸਤੰਬਰ ਤੱਕ ਕੌਮੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਡੀਕਲ ਅਫਸਰ ਭਮਾਰਸੀ ਡਾ ਰਿਸ਼ਭਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭੱਲਮਾਜਰਾ ਵਿਖੇ ਸਕੂਲੀ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਦੌਰਾਨ ਵਧੀਆ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਤੁਲਿਤ ਭੋਜਨ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨਵ ਜਨਮੇ ਬੱਚੇ ਨੂੰ ਜਨਮ ਤੋਂ ਬਾਅਦ ਤੁਰੰਤ ਮਾਂ ਦਾ ਦੁੱਧ ਦੇਣਾ ਆਰੰਭ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ 6 ਮਹੀਨੇ ਦੀ ਉਮਰ ਤਕ ਕੇਵਲ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਕਿਉਂਕਿ ਮਾਂ ਦਾ ਦੁੱਧ ਬੱਚੇ ਨੂੰ ਬਹੁਤ ਸਾਰੀਆਂ ਲਾਗ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ । ਉਹਨਾਂ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਅਰਧ ਠੋਸ ਆਹਾਰ ਜਿਵੇਂ ਕਿ ਦਾਲ ਦਾ ਪਾਣੀ, ਖਿਚੜੀ,ਦਲੀਆ ਆਦਿ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਸਰੀਰਕ ਲੋੜ ਅਨੁਸਾਰ ਘਰ ਦਾ ਬਣਿਆ ਹੋਇਆ ਭੋਜਨ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਜ਼ਾਰ ਦਾ ਬਣਿਆ ਜਾ ਡੱਬਾ ਬੰਦ ਦੁੱਧ ਜਾਂ ਹੋਰ ਭੋਜਨ ਨਹੀਂ ਦੇਣਾ ਚਾਹੀਦਾ। ਗਰਭਵਤੀ ਔਰਤਾਂ ਨੂੰ ਹਰੀਆ ਪੱਤੇਦਾਰ ਸਬਜੀਆਂ ,ਮੌਸਮੀ ਫਲ ,ਛਿਲਕੇ ਵਾਲੀਆ ਦਾਲਾਂ,ਦੁੱਧ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਅਤੇ ਸਮੇਂ ਸਮੇਂ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਕੂਲ ਦੇ ਬੱਚਿਆਂ ਨੂੰ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ ਅਤੇ ਜੰਕ ਫੂਡ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹੈਲਥ ਇੰਸਪੈਕਟਰ ਦਾਰਪਾਲ ਬੈਂਸ, ਹਰਜੀਤ ਕੌਰ, ਤਰਸੇਮ ਸਿੰਘ, ਆਸ਼ਾ ਵਰਕਰਜ਼, ਸਕੂਲ ਅਧਿਆਪਕ ਅਤੇ ਪਿੰਡ ਦੀਆਂ ਔਰਤਾਂ ਹਾਜਰ ਸਨ।