ਸਤੰਬਰ ਮਹੀਨਾ ਖੁੰਬਾਂ ਦੀ ਕਾਸ਼ਤ ਲਈ ਢੁਕਵਾਂ : ਡਾ. ਨਿਰਵੰਤ ਸਿੰਘ
ਪਟਿਆਲਾ, 11 ਸਤੰਬਰ 2021 : ਰਵਾਇਤੀ ਖੇਤੀ ਤੋਂ ਹਟਕੇ ਖੁੰਬਾਂ ਦੀ ਕਾਸ਼ਤ ਕਰਕੇ ਆਪਣੀ ਆਮਦਨ ‘ਚ ਵਾਧਾ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਸਤੰਬਰ ਦਾ ਮਹੀਨਾ ਕੰਪੋਸਟ ਦੀ ਤਿਆਰੀ ਅਤੇ ਖੁੰਬਾਂ ਦੇ ਬੀਜ (ਸਪਾਨ) ਦੀ ਬੁਕਿੰਗ ਲਈ ਢੁਕਵਾਂ ਹੈ ਤਾਂ ਜੋ ਅਕਤੂਬਰ ਤੋਂ ਮਾਰਚ ਮਹੀਨੇ ਤੱਕ ਖੁੰਬਾਂ ਦੀਆਂ ਦੋ ਫਸਲਾਂ ਪ੍ਰਾਪਤ ਕੀਤੀਆਂ ਜਾ ਸਕਣ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਭਾਵੇਂ ਪੰਜਾਬ ਦਾ ਪੌਣ ਪਾਣੀ ਪੰਜ ਤਰ੍ਹਾਂ ਦੀਆਂ ਖੁੰਬਾਂ ਜਿਸ ‘ਚ ਬਟਨ ਖੁੰਬ, ਢੀਗਰੀ ਖੁੰਬ, ਮਿਲਕੀ, ਪਰਾਲੀ ਵਾਲੀ ਖੁੰਬ ਅਤੇ ਸਿਟਾਕੀ ਖੁੰਬ ਲਈ ਢੁਕਵਾਂ ਹੈ ਪਰ ਸਭ ਤੋਂ ਵਧੇਰੇ ਬਟਨ ਖੁੰਬ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਦੀ ਕਾਸ਼ਤ ਕਰਕੇ ਕਿਸਾਨ ਆਪਣੀ ਆਮਦਨ ‘ਚ ਵਾਧਾ ਕਰ ਸਕਦੇ ਹਨ।
ਪਿਛਲੇ ਦਸ ਸਾਲ ਤੋਂ ਖੁੰਬਾਂ ਦੀ ਕਾਸ਼ਤ ਕਰਨ ਵਾਲੇ ਪਿੰਡ ਬਿਰੜਵਾਲ ਦੇ ਕਿਸਾਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਖੁੰਬਾਂ ਤੋਂ ਹਰੇਕ ਸਾਲ 3 ਤੋਂ 5 ਲੱਖ ਦੀ ਵਾਧੂ ਆਮਦਨ ਲੈ ਰਹੇ ਹਨ ਅਤੇ ਉਨ੍ਹਾਂ ਖੁੰਬਾਂ ਦੀ ਕੰਪੋਸਟ ਤਿਆਰ ਕਰਨ ਲਈ ਚੈਂਬਰ ਵੀ ਲਗਾਏ ਹਨ ਜਿਸ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਅੱਠ ਲੱਖ ਰੁਪਏ ਦੀ ਸਬਸਿਡੀ ਵੀ ਪ੍ਰਾਪਤ ਕੀਤੀ ਹੈ।
ਬਾਗਬਾਨੀ ਵਿਕਾਸ ਅਫਸਰ ਪਟਿਆਲਾ ਡਾ. ਕੁਲਵਿੰਦਰ ਸਿੰਘ ਨੇ ਖੁੰਬਾਂ ਦੇ ਬੀਜ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਖੁੰਬਾਂ ਦਾ ਬੀਜ (ਸਪਾਨ) ਬਾਗਬਾਨੀ ਵਿਭਾਗ ਦੀ ਬਾਰਾਂਦਰੀ ਬਾਗ ਪਟਿਆਲਾ ਵਿਖੇ ਸਥਿਤ ਸਰਕਾਰੀ ਖੁੰਬ ਲੈਬਾਰਟਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਬਿਜਾਈ, ਖਾਦ ਤਿਆਰ ਕਰਨ ਤੇ ਚੈਬਰਾਂ/ਸਪਾਨ ਲੈਬ ਲਈ ਸਬਸਿਡੀ ਵੀ ਉਪਲਬਧ ਹੈ।