ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਸਰਦੀ ਰੁੱਤ ਦੇ ਬੀਜਾਂ ਦੀ ਕਿੱਟ ਰਲੀਜ ਕੀਤੀ

0

ਤਰਨਤਾਰਨ,  10 ਸਤੰਬਰ 2021 : ਘਰੇਲੂ ਵਰਤੋਂ ਲਈ ਪੌਸ਼ਟਿਕ ਸਬਜੀਆਂ ਪੈਦਾ ਕਰਨ ਲਈ ਉਨਤ ਕਿਸਮ ਦੇ ਬੀਮਾਰੀ ਰਹਿਤ ਬੀਜਾਂ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਬਾਗਬਾਨੀ ਵਿਭਾਗ ਵੱਲੋਂ ਸਰਦੀ ਰੁੱਤ ਦੇ ਬੀਜਾਂ ਦੀ ਤਿਆਰ ਕੀਤੀ ਸਬਜੀ ਕਿੱਟ ਰਲੀਜ਼ ਕਰਨ ਸਮੇਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਘਰ ਦੀ ਵਰਤੋਂ ਲਈ ਜਹਿਰਾਂ ਰਹਿਤ ਸਬਜੀ ਪੈਦਾ ਕਰਨ ਲਈ ਸੁਧਰੇ ਬੀਜਾਂ ਦੀ ਬਾਗਬਾਨੀ ਵਿਭਾਗ ਕੋਲੋਂ ਬੀਜ ਕਿੱਟ ਖ੍ਰੀਦ ਕੇ ਬੀਜਣ ਤਾਂ ਕਿ ਪਰਿਵਾਰ ਨੂੰ ਨਰੋਈ ਸਬਜੀ ਉਪਲਬਧ ਹੋ ਸਕੇ।

ਉਹਨਾਂ ਦੱਸਿਆ ਕਿ ਤਾਜਾ ਸਬਜੀਆਂ ਮਨੁੱਖੀ ਸ਼ਰੀਰ ਨੂੰ ਅਰੋਗ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਰ ਪ੍ਰਾਣੀ ਨੂੰ ਲੋੜੀਂਦੀ ਮਾਤਰਾ ਵਿੱਚ ਸੇਵਨ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਮਾਹਿਰਾਂ ਦੇ ਦੱਸਣ ਮੁਤਾਬਕ ਇੰਨ੍ਹਾਂ ਵਿੱਚ ਵਿਟਾਮਿਨ ਏ,ਬੀ,ਬੀ-2,ਸੀ ਅਤੇ ਖਣਿਜ ਕੈਲਸ਼ੀਅਮ, ਫਾਸਫੋਰਸ, ਲੋਹਾ ਵੀ ਕਾਫੀ ਮਾਤਰਾ ਵਿੱਚ ਮਿਲਦੇ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ, ਤਰਨ ਤਾਰਨ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਨੈਸ਼ਨਲ ਇਨਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜੀ ਜਿਸ ਵਿੱਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ ਉਸ ਅਨੁਸਾਰ ਤਿਆਰ ਕੀਤੀ ਹੈ। ਇਸ ਵਿਚ ਸਰਦੀ ਰੁੱਤ ਦੀ ਬੀਜਾਈ ਲਈ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆਂ, ਬਰੌਕਲੀ, ਚੀਨੀ ਸਰੋਂ, ਲੈਟਸ ਅਤੇ ਚਕੰਦਰ ਦੇ ਬੀਜ ਹਨ ਜੋ 6 ਮਰਲੇ ਵਿੱਚ ਬੀਜਾਈ ਲਈ ਕਾਫੀ ਹਨ। ਉਹਨਾਂ ਦੱਸਿਆ ਕਿ ਇਹਨਾਂ ਬੀਜਾਂ ਤੋਂ 400 ਕਿਲੋ ਸਬਜੀ ਪੈਦਾ ਹੁੰਦੀ ਹੈ।

ਜਿਸ ਤੋਂ ਇੱਕ ਆਮ ਪਰਿਵਾਰ ਦੀ ਲੋੜ ਪੂਰੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਕਿਸਾਨ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਤਰਨ ਤਾਰਨ ਡਿਪਟੀ ਡਾਇਰੈਕਟਰ ਦਫਤਰ ਤੋਂ ਇਲਾਵਾ ਝਬਾਲ (ਹਰਬੰਸਪੁਰਾ), ਭਿੱਖੀਵਿੰਡ, ਕੈਂਰੋਂ (ਪੱਟੀ) ਅਤੇ ਖਡੂਰ ਸਾਹਿਬ ਦੇ ਬਾਗਬਾਨੀ ਦਫਤਰਾਂ ਤੋਂ 90/- ਰੁਪੈ ਪ੍ਰਤੀ ਕਿੱਟ ਦੇ ਹਿਸਾਬ ਖ੍ਰੀਦ ਕੇ ਸਮੇਂ-ਸਿਰ ਬੀਜਾਈ ਕਰ ਸਕਦੇ ਹਨ। ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੀ ਕਵਲਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਹੋਰ ਸਟਾਫ ਵੀ ਮੌਜੂਦ ਸੀ ।

About The Author

Leave a Reply

Your email address will not be published. Required fields are marked *