ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ

ਫ਼ਤਹਿਗੜ੍ਹ ਸਾਹਿਬ, 10 ਸਤੰਬਰ 2021 : ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਮਲਕੋ ਮਾਜਰਾ ਵੱਲੋਂ 74ਵਾਂ ਦੰਗਲ ਕਰਵਾਇਆ ਗਿਆ।ਇਸ ਦੌਰਾਨ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਝੰਡੀ ਦੀ ਕੁਸ਼ਤੀ ਮਨੀਸ਼ ਡੂਮਛੇੜੀ ਅਤੇ ਰਾਜੂ ਰਾਈਏਬਾਲ ਦੇ ਵਿਚਕਾਰ ਬਰਾਬਰ ਰਹੀ।
ਇਸ ਮੌਕੇ ਵਿਧਾਇਕ ਸ. ਨਾਗਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜਵਾਨ ਤੰਦਰੁਸਤੀ ਦੇ ਰਾਹ ਪੈਂਦੇ ਹਨ, ਉੱਥੇ ਅਪਣੀ ਵਿਰਾਸਤ ਨਾਲ ਵੀ ਜੁੜ ਦੇ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ।
ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਇਹ ਟੂਰਨਾਮੈਂਟ ਅਹਿਮ ਯੋਗਦਾਨ ਪਾਵੇਗਾ।
ਸ. ਨਾਗਰਾ ਨੇ ਕਿਹਾ ਕਿ ਖੇਡਾਂ ਜ਼ਰੀਏ ਪੰਜਾਬ ਦੀ ਖੁਸ਼ਹਾਲੀ ਲਈ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਈ ਸਟੇਡੀਅਮ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ।
ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦੇ ਰਾਹ ਪਾਉਣ ਲਈ ਅਹਿਮ ਉਪਰਾਲੇ ਕੀਤੇ ਗਏ ਹਨ ਤੇ ਖੇਡਾਂ ਨੂੰ ਪ੍ਰਫੁੱਲਤ ਕਰਨਾ, ਉਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਵੀ ਹੈ।
ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਰਪੰਚ ਦਵਿੰਦਰ ਸਿੰਘ ਜੱਲਾ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ, ਸਹਿਕਾਰੀ ਸਭਾ ਜੱਲਾ ਦੇ ਪ੍ਰਧਾਨ ਗੁਰਜੰਟ ਸਿੰਘ, ਸਰਪੰਚ ਅਮਰਿੰਦਰ ਸਿੰਘ, ਪਰਮਿੰਦਰ ਸਿੰਘ ਨੋਨੀ, ਸੰਦੀਪ ਸਿੰਘ ਸੋਨੀ, ਭਰਪੂਰ ਜਗਵਿੰਦਰ ਸਿੰਘ ਬੈਂਸ, ਮਨਦੀਪ ਸਿੰਘ, ਅਸਲਮ ਖਾਨ, ਹਰਜੀਤ ਸਿੰਘ, ਸੁੱਚਾ ਸਿੰਘ, ਸੁਦਰਸ਼ਨ ਸਿੰਘ, ਸੇਵਕ ਸਿੰਘ, ਸ਼ੇਰ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਗੁਰਤੇਜ ਸਿੰਘ, ਰਣਜੋਧ ਸਿੰਘ, ਨਿਰਮਲ ਸਿੰਘ, ਗੁਰਪਾਲ ਸਿੰਘ ਹੈਪੀ, ਲਖਵਿੰਦਰ ਫਤਿਹਪੁਰ, ਜੱਗੀ ਫਤਿਹਪੁਰ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।