ਸੇਵਾ ਕੇਂਦਰਾਂ ’ਚ ਮੰਡੀ ਬੋਰਡ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਨੂੰ ਕੀਤਾ ਗਿਆ ਸ਼ਾਮਲ : ਅਪਨੀਤ ਰਿਆਤ
ਹੁਸ਼ਿਆਰਪੁਰ, 10 ਸਤੰਬਰ 2021 : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਪੰਜਾਬ ਮੰਡੀ ਬੋਰਡ ਨਾਲ ਸਬੰਧਤ 2 ਨਵੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹੁਣ ਬਿਨੈਕਾਰ ਆਪਣੇ ਨੇੜੇ ਦੇ ਸੇਵਾ ਕੇਂਦਰ ਵਿਚ ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਮੰਡੀ ਬੋਰਡ ਦੀਆਂ ਲਾਇਸੈਂਸ ਜਾਰੀ ਕਰਨ ਅਤੇ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਦੋ ਸੇਵਾਵਾਂ ਧਾਰਾ 10 ਤਹਿਤ ਸੇਵਾ ਕੇਂਦਰਾਂ ਵਿਚ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਾਇਸੈਂਸ ਜਾਰੀ ਕਰਨ ਲਈ 1050 ਰੁਪਏ ਅਤੇ ਲਾਇਸੈਂਸ ਰੀਨਿਊ ਕਰਵਾਉਣ ਲਈ 525 ਰੁਪਏ ਸੇਵਾ ਕੇਂਦਰਾਂ ਦੀ ਫੈਸੀਲੀਟੇਸ਼ਨ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 25 ਸੇਵਾ ਕੇਂਦਰਾਂ ਵਿਚ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਦੇ ਸਟਾਫ਼ ਨੂੰ ਪਹਿਲਾਂ ਹੀ ਸਿਖਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕਾਂ ਦੀ ਸੇਵਾ ਲਈ ਖੁੱਲੇ੍ਹੇ ਰਹਿੰਦੇ ਹਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਉਹ ਸੇਵਾ ਕੇਂਦਰਾਂ ਵਿਚ ਅਪਲਾਈ ਕੀਤੀ ਗਈ ਸੇਵਾ ਲਈ ਕੈਰੀਅਰ ਸੇਵਾ ਦਾ ਪ੍ਰਯੋਗ ਕਰਨ ਨੂੰ ਪਹਿਲ ਦੇਣ ਤਾਂ ਜੋ ਉਨ੍ਹਾਂ ਨੂੰ ਘਰ ਬੈਠੇ ਹੀ ਸੇਵਾਵਾਂ ਪ੍ਰਾਪਤ ਹੋ ਸਕਣ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੇਵਾ ਕੇਂਦਰ ਜਾ ਕੇ ਸੇਵਾਵਾਂ ਹਾਸਲ ਕਰਨਾ ਚਾਹੁੰਦੇ ਹਨ, ਉਹ ਸੇਵਾ ਕੇਂਦਰਾਂ ਵਿਚ ਆਪਣਾ ਕੰਮ ਕਰਵਾਉਣ ਸਮੇਂ ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਦੀ ਪਾਲਣਾ ਅਤੇ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਬਨਾਉਣ।