ਵਜੀਫ਼ੇ ਵਾਸਤੇ ਦਿਵਿਆਂਗ ਵਿਦਿਆਰਥੀਆਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ, 10 ਸਤੰਬਰ 2021 : ਦਿਵਿਆਂਗ ਵਿਦਿਆਰਥੀਆਂ ਤੋਂ ਵਜੀਫ਼ੇ ਲਈ ਅਰਜ਼ੀਆਂ ਪ੍ਰਾਪਤ ਕਰਨ ਲਈ ਸਰਕਾਰ ਨੇ 2021-22 ਵਾਸਤੇ ਪੋਰਟਲ ਖੋਲ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਇੰਮਪਾਵਰਮੈਂਟ ਆਫ ਪਰਸਨਜ਼ ਵਿਦ ਡਿਸਏਬਿਲਟੀਜ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮੰਤਰਾਲੇ ਵੱਲੋਂ ਵਜੀਫ਼ਾ ਦਿੱਤਾ ਜਾਂਦਾ ਹੈ। ਪ੍ਰੀ-ਮੈਟਿ੍ਰਕ ਸਕਲਾਰਸ਼ਿਪ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 15 ਨਵੰਬਰ ਅਤੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 30 ਨਵੰਬਰ ਨਿਰਧਾਰਤ ਕੀਤੀ ਗਈ ਹੈ।
ਇਸ ਵਜੀਫ਼ੇ ਲਈ ਦਿਵਿਆਂਗ ਵਿਦਿਆਰਥੀ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐਨ.ਐਸ.ਪੀ.) ’ਤੇ (www.scholarship.gov.in) ਆਨ ਲਾਈਨ ਅਪਲਾਈ ਕਰ ਸਕਦੇ ਹਨ। ਪੋਰਟਲ ਉਪਰ ਵਿਦਿਆਰਥੀਆਂ ਵੱਲੋਂ ਪ੍ਰਾਪਤ ਅਰਜ਼ੀਆਂ ਦੀ ਸਕੂਲ/ਕਾਲਜ ਦੇ ਮੁਖੀ ਪੜਤਾਲ ਕਰਨਗੇ। ਸਕੂਲ/ ਕਾਲਜ ਵੱਲੋਂ ਵੈਰੀਫਾਈ ਕੀਤੀਆਂ ਅਰਜ਼ੀਆਂ ਨੂੰ ਸੂਬਾ ਪੱਧਰ ’ਤੇ ਨੋਡਲ ਅਫ਼ਸਰ ਵੈਰੀਫਾਈ ਕਰੇਗਾ। ਯੋਗ ਉਮੀਦਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਉਨਾਂ ਦੇ ਬੈਂਕ ਖਾਤਿਆਂ ਵਿੱਚ ਵਜ਼ੀਫਾ ਭੇਜਿਆ ਜਾਵੇਗਾ।
ਬੁਲਾਰੇ ਅਨੁਸਾਰ ਵੱਧ ਤੋਂ ਵੱਧ ਦਿਵਿਆਂਗ ਵਿਦਿਆਰਥੀਆਂ ਦਾ ਇਸ ਵਜੀਫ਼ੇ ਲਈ ਅਪਲਾਈ ਕਰਨ ਵਾਸਤੇ ਯਕੀਨੀ ਬਨਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਸਾਰੇ ਵਿਦਿਆਰਥੀ ਇਸ ਦਾ ਲਾਭ ਪ੍ਰਾਪਤ ਕਰ ਸਕਣ।