18 ਸਾਲ ਤੋਂ ਉੱਪਰ ਕੋਈ ਵੀ ਵਿਅਕਤੀ ਵੈਕਸੀਨ ਸੈਂਟਰ ‘ਤੇ ਜਾ ਕੇ ਮੁਫ਼ਤ ਲਗਵਾ ਸਕਦਾ ਹੈ ਕੋਵਿਡ ਵੈਕਸੀਨ-ਵਧੀਕ ਡਿਪਟੀ ਕਮਿਸ਼ਨਰ
ਤਰਨ ਤਾਰਨ, 21 ਜੂਨ :
ਜ਼ਿਲ੍ਹੇ ਵਿੱਚ ਕੋਵਿਡ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ ਮੀਟਿੰਗ ਹੋਈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਰੋਹਿਤ ਮਹਿਤਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ, ਕੰਵਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਅਤੇ ਐੱਸ. ਐੱਮ. ਓ. ਤਰਨ ਤਾਰਨ ਡਾ. ਸਵਰਨਜੀਤ ਧਵਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਜ਼ਿਲ੍ਹਾ ਟਾਸਕ ਫੋਰਸ ਦੇ ਮੈਂਬਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ 18 ਸਾਲ ਤੋਂ ਉੱਪਰ ਹਰੇਕ ਵਿਅਕਤੀ ਕਿਸੇ ਵੀ ਵੈਕਸੀਨ ਸੈਂਟਰ ‘ਤੇ ਜਾ ਕੇ ਵੈਕਸੀਨ ਮੁਫ਼ਤ ਲਗਵਾ ਸਕਦਾ ਹੈ । ਕੋਰੋਨਾ ਵੈਕਸੀਨ ਲਗਵਾਉਣ ਲਈ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਜ਼ਰੂਰੀ ਹੈ । ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਪਹਿਲਾ ਕਰੋਨਾ ਵੈਕਸੀਨ ਕੁਝ-ਕੁ ਵਰਗਾਂ ਨੂੰ ਲਗਾਈ ਜਾ ਰਹੀ ਸੀ, ਪਰ ਹੁਣ ਕੋਈ ਵੀ 18 ਸਾਲ ਤੋਂ ਉੱਪਰ ਵਾਲਾ ਵਿਅਕਤੀ ਅਧਾਰ ਕਾਰਡ, ਪੈਨ ਕਾਰਡ ਜਾਂ ਪਾਸਪੋਰਟ ਆਦਿ ਦਿਖਾ ਕੇ ਕੋਵਿਡ ਵੈਕਸੀਨ ਲਗਵਾ ਸਕਦਾ ਹੈ ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਾਡੇ ਸਮਾਜ ਦਾ ਜਾਨੀ ਅਤੇ ਮਾਲੀ ਬਹੁਤ ਨੁਕਸਾਨ ਹੋਇਆ ਹੈ, ਪਰ ਹੁਣ ਇਸ ਲਹਿਰ ਦਾ ਪ੍ਰਕੋਪ ਕੁੱਝ ਘੱਟ ਗਿਆ ਹੈ, ਜਦਿਕ ਬਿਲਕੁਲ ਖ਼ਤਮ ਨਹੀਂ ਹੋਇਆ। ਇਸ ਲਈ ਪਹਿਲਾ ਵਾਂਗ ਟੀਕਾਕਰਨ ਦੇ ਨਾਲ-ਨਾਲ ਜ਼ਰੂਰੀ ਸਾਵਧਾਨੀਆਂ ਵੀ ਵਰਤਣੀਆਂ ਜ਼ਰੂਰੀ ਹਨ । ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਕੋਰੋਨਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਵੱਲੋਂ ਸਮੂਹ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਹੋਰ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਤੋਂ ਵਾਝਾ ਨਾ ਰਹੇ ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਦਕਾ ਹੀ ਜ਼ਿਲ੍ਹੇ ਦਾ ਪੋਜ਼ੀਟੀਵੀਟੀ ਰੇਟ ਕਾਫੀ ਥੱਲੇ ਡਿੱਗ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਦਾਇਤ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਕੋਰੋਨਾ ਪੋਜ਼ਟਿਵ ਆਉਂਦਾ ਹੈ ਤਾਂ ਉਸੀ ਸਮੇਂ ਰੈਪਿਡ ਰਿਸਪੌਂਸ ਟੀਮ ਵੱਲੋਂ ਉਸ ਪੋਜ਼ੀਟਿਵ ਮਰੀਜ਼ ਦੇ ਕੰਨਟੈਂਕਟ ਟਰੈਸ ਕਰਕੇ ਉਨ੍ਹਾਂ ਦੇ ਟੈੱਸਟ ਕਰਵਾਏ ਜਾਣ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਰਲ-ਮਿਲ ਕੇ ਪਿੰਡਾਂ ਦੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਹਨਾਂ ਨੂੰ ਟੈੱਸਟ ਕਰਵਾਉਣ ਤੇ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਡਾ. ਰੋਹਿਤ ਮਹਿਤਾ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਤੋਂ ਬਚਣ ਵਾਸਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਦੀ ਸਹੀ ਤਰ੍ਹਾਂ ਵਰਤੋਂ, ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਅਤੇ ਆਪਸੀ ਦੂਰੀ ਦੋ ਗਜ਼ ਦੀ ਬਣਾਈ ਰੱਖਣਾ ਬਹੁਤ ਜਰੂਰੀ ਹੈ ।
ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੈਕਸੀਨ ਦੀ ਕੋਈ ਕਮੀ ਨਹੀਂ । ਰੋਜ਼ਾਨਾ ਟੀਕਾਕਰਨ ਦੇ ਕੈਂਪ ਲਗ ਰਹੇ ਹਨ, ਕੋਰੋਨਾ ਵੈਕਸੀਨ ਦਾ ਕੋਈ ਵੀ ਸਿਹਤ ਉੱਪਰ ਬੁਰਾ ਅਸਰ ਨਹੀਂ । ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ 27, 28 ਅਤੇ 29 ਜੂਨ, 2021 ਨੂੰ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਪੋਲੀਓ ਦੀਆਂ ਦੋ ਜੀਵਨਰੂਪੀ ਬੂੰਦਾਂ ਪਿਲਾਈਆ ਜਾਣਗੀਆ ਅਤੇ ਕੋਰੋਨਾ ਵੈੱਕਸੀਨ ਸੰਬੰਧੀ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ।