18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਆਪਣੀ ਵੋਟ ਜ਼ਰੂਰ ਬਣਾਉਣ – ਈ.ਆਰ.ਓ.
ਬਟਾਲਾ, 16 ਜੂਨ (2021) – ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਨੌਜਵਾਨ ਵਰਗ ਦੀ ਚੋਣ ਪ੍ਰੋਸੈਸ ਵਿੱਚ ਵੱਧ ਤੋਂ ਵੱਧ ਸਹਿਭਾਗਤਾ ਨਿਸ਼ਚਿਤ ਕਰਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਤਹਿਤ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਵੋਟਰ ਰਜਿਸਟਰੇਸ਼ਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਸਦਾ ਨਾਮ ਅਜੇ ਤੱਕ ਵੋਟਰ ਸੂਚੀ ਵਿੱਚ ਦਰਜ ਨਹੀਂ ਹੋਇਆ, ਆਪਣੀ ਵੋਟ ਬਣਾਉਣ ਲਈ ਫਾਰਮ ਨੰ: 6 ਵਿੱਚ ਆਪਣੀ ਦਰਖਾਸਤ ਦੇ ਸਕਦਾ ਹੈ, ਇਸੇ ਤਰ੍ਹਾਂ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ: 8 ਅਤੇ ਇਕੋ ਵਿਧਾਨ ਸਭਾ ਹਲਕੇ ਵਿੱਚ ਰਿਹਾਇਸ਼ ਤਬਦੀਲ ਹੋਣ ਤੇ ਫਾਰਮ ਨੰ: 8-ਏ ਵਿੱਚ ਆਪਣਾ ਦਾਅਵਾ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਪੇਸ਼ ਕੀਤਾ ਜਾ ਸਕਦਾ ਹੈ ਜਾਂ ਆਪਣੇ ਬੀ.ਐੱਲ.ਓ. ਨੂੰ ਦਿੱਤਾ ਜਾ ਸਕਦਾ ਹੈ।
ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਉਪਰੋਕਤ ਸਾਰੇ ਫਾਰਮ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ਤੇ ਉਪਲੱਬਧ ਹਨ ਜਦਕਿ ਇਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰ ਅਤੇ ਜ਼ਿਲ੍ਹਾ ਚੋਣ ਦਫਤਰ ਵਿਖੇ ਸਾਰੇ ਫਾਰਮ ਮੁਫਤ ਉਪਲੱਬਧ ਹਨ। ਇਹ ਫਾਰਮ ਵੈਬਸਾਈਟ www.nvsp.gov.in ਅਤੇ ਆਨਲਾਈਨ ਵੀ ਅਪਲਾਈ ਕੀਤੇ ਜਾ ਸਕਦੇ ਹਨ।