ਸੰਗਰੂਰ ਦੇ 40 ਸਰਕਾਰੀ ਸਕੂਲਾਂ ‘ਚ ਸਥਾਪਤ ਕੀਤੇ ਜਾਣਗੇ ਬਰੌਡਕਾਸਟਿੰਗ ਸਿਸਟਮ : ਵਿਜੈ ਇੰਦਰ ਸਿੰਗਲਾ

0

ਸੰਗਰੂਰ, 09 ਸਤੰਬਰ 2021 :  ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਕੁਸ਼ਲਤਾ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਮੱਦੇਨਜ਼ਰ ਬਰੌਡਕਾਸਟਿੰਗ ਸਿਸਟਮ (ਪ੍ਰਸਾਰਣ ਪ੍ਰਣਾਲੀ) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ 616 ਸਕੂਲਾਂ ਵਿੱਚ ਇਹ ਪ੍ਰਸਾਰਣ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ਵਿੱਚ 1.54 ਕਰੋੜ ਰੁਪਏ  ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਬਰੌਡਕਾਸਟਿੰਗ ਸਿਸਟਮ ਲਗਾਉਣ ਲਈ ਸੰਗਰੂਰ ਜ਼ਿਲ੍ਹੇ ਦੇ ਵੀ 40 ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿਸ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਇਹ ਪ੍ਰਸਾਰਣ ਪ੍ਰਣਾਲੀ ਸਥਾਪਤ ਕਰਨ ਨਾਲ ਸਕੂਲਾਂ ਦੇ ਸਟਾਫ ‘ਤੇ ਕੰਮ ਦਾ ਬੋਝ ਘੱਟ ਹੋਵੇਗਾ ਅਤੇ ਪ੍ਰਿੰਸੀਪਲ ਵੱਲੋਂ ਇੱਕੋ ਸਮੇਂ ’ਤੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਸਕਣਗੀਆਂ।

ਬ੍ਰੌਡਕਾਸਟਿੰਗ ਸਿਸਟਮ ਅਤੇ ਇਸ ਦੇ ਲਾਭਾਂ ਬਾਰੇ ਦੱਸਦੇ ਹੋਏ ਸ੍ਰੀ  ਸਿੰਗਲਾ ਨੇ ਕਿਹਾ ਕਿ ਹਰੇਕ ਸਿਸਟਮ ਦੀ ਕੀਮਤ ਲਗਭਗ 25,000 ਰੁਪਏ ਹੋਵੇਗੀ, ਜਿਸ ਵਿੱਚ ਇੱਕ ਐਂਪਲੀਫਾਇਰ, ਇੱਕ ਮਾਈਕ, ਇੱਕ ਚੋਣਵਾਂ ਕਲਾਸਰੂਮ ਮਲਟੀ-ਸਵਿਚ, ਸਪੀਕਰ ਅਤੇ ਲੋੜੀਂਦੀ ਤਾਰ ਆਦਿ ਚੀਜ਼ਾਂ ਸ਼ਾਮਲ ਹੋਣਗੀਆਂ। ਉਨਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਦੇ ਕਮਰੇ ਵਿੱਚ ਐਂਪਲੀਫਾਇਰ, ਮਾਈਕ ਅਤੇ ਚੋਣਵੇਂ ਸਵਿੱਚਬੋਰਡ ਲਗਾਏ ਜਾਣਗੇ ਅਤੇ ਸਮੇਂ-ਸਮੇਂ ਤੇ ਨਿਰਦੇਸ਼ਾਂ ਪ੍ਰਸਾਰਣ ਕਰਨ ਲਈ ਹਰੇਕ ਕਲਾਸਰੂਮ ਵਿੱਚ ਇੱਕ ਸਪੀਕਰ ਲਗਾਇਆ ਜਾਵੇਗਾ।

ਉਨਾਂ ਕਿਹਾ ਕਿ ਇਸ ਨਾਲ ਪ੍ਰਿੰਸੀਪਲ ਮਿੰਟਾਂ ’ਚ ਪੂਰੇ ਸਕੂਲ ਵਿੱਚ ਲੋੜੀਂਦਾ ਸੁਨੇਹਾ ਜਾਂ ਹਦਾਇਤ ਪ੍ਰਸਾਰਿਤ ਕਰ ਸਕਣਗੇ ਜਿਸ ਨਾਲ ਸਟਾਫ ਦੇ ਸਮੇਂ ਦੀ ਬੱਚਤ ਹੋਵੇਗੀ। ਉਨਾਂ ਅੱਗੇ ਕਿਹਾ ਕਿ ਚੋਣਵੇਂ ਸਵਿੱਚਬੋਰਡ ਬ੍ਰੌਡਕਾਸਟਰ ਨੂੰ ਸੰਦੇਸ਼ ਜਾਂ ਨਿਰਦੇਸ਼ ਭੇਜਣ ਸਮੇਂ ਕੋਈ ਇੱਕ ਜਾਂ ਚੁਣਵੇਂ ਕਲਾਸਰੂਮਾਂ ‘ਚ ਵੀ ਸੁਨੇਹਾ ਪ੍ਰਸਾਰਿਤ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ।

ਸ੍ਰੀ ਸਿੰਗਲਾ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਬ੍ਰੌਡਕਾਸਟਿੰਗ ਸਿਸਟਮ ਦੀ ਲਗਾਉਣ ਤੋਂ ਬਾਅਦ ਸਕੂਲ ਦੇ ਸਟਾਫ ਤੋਂ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ, ਲੋੜੀਂਦੀਆਂ ਸੋਧਾਂ ਅਤੇ ਕਾਰਜਕੁਸ਼ਲਤਾ ’ਤੇ ਪਏ ਪ੍ਰਭਾਵਾਂ ਬਾਰੇ ਫੀਡ-ਬੈਕ ਲਿਆ ਜਾਵੇਗਾ। ਉਨਾਂ ਕਿਹਾ ਕਿ ਫੀਡਬੈਕ ਦਾ ਮੁਲਾਂਕਣ ਕਰਨ ਉਪਰੰਤ ਹੀ ਸਿੱਖਿਆ ਵਿਭਾਗ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਪ੍ਰਣਾਲੀ ਦੀ ਸਥਾਪਨਾ ਬਾਰੇ ਫੈਸਲਾ ਲਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਨਾਲ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਸੂਬੇ ਵਜੋਂ ਉੱਭਰਿਆ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਸੁਧਾਰਾਂ ਤੋਂ ਇਲਾਵਾ, ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਸਦਕਾ ਪੰਜਾਬ ਲਈ ਦੇਸ਼ ਵਿੱਚੋਂ ਸਿਖ਼ਰਲਾ ਸਥਾਨ ਹਾਸਲ ਕਰਨਾ ਸੰਭਵ ਹੋ ਸਕਿਆ ਹੈ।

ਉਨਾਂ ਕਿਹਾ ਕਿ ਸਾਡੀ ਸਰਕਾਰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

About The Author

Leave a Reply

Your email address will not be published. Required fields are marked *

You may have missed