ਡਿਪਟੀ ਕਮਿਸ਼ਨਰ ਇਨਕਮ ਟੈਕਸ ਜਲੰਧਰ ਗਗਨ ਕੁੰਦਰਾ ਥੋਰੀ ਵੱਲੋਂ ਵਿਰਸਾ ਵਿਹਾਰ ਵਿਖੇ ਧਾਤ ਨਾਲ ਬਣੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ
ਜਲੰਧਰ, 08 ਸਤੰਬਰ 2021 : ਕਲਾ ਰੂਹ ਨੂੰ ਸਕੂਨ ਦਿੰਦੀ ਹੈ ਅਤੇ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ਵਿੱਚ ਕਲਾਕਾਰ ਅਹਿਮ ਭੁਮਿਕਾ ਨਿਭਾਉਂਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਇਨਕਮ ਟੈਕਸ ਜਲੰਧਰ, ਸ਼੍ਰੀਮਤੀ ਗਗਨ ਕੁੰਦਰਾ ਥੋਰੀ ਨੇ ਇਥੇ ਵਿਰਸਾ ਵਿਹਾਰ ਵਿਖੇ ਵਿਸ਼ਵ ਪ੍ਰਸਿੱਧ ਕਲਾਕਾਰ ਬਸੂ ਦੇਵ ਬਿਸਵਾਸ ਦੀਆਂ ਕਲਾਕ੍ਰਿਤੀਆਂ ਦੀ 10 ਸਤੰਬਰ ਤੱਕ ਚੱਲਣ ਵਾਲੀ ਪ੍ਰਦਰਸ਼ਨੀ ਦਾ ਸ਼ਮਾ ਰੌਸ਼ਨ ਕਰ ਕੇ ਉਦਘਾਟਨ ਕਰਦਿਆਂ ਕੀਤਾ।
ਉਨ੍ਹਾਂ ਬਸੂ ਦੇਵ ਬਿਸਵਾਸ ਵੱਲੋਂ ਧਾਤ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੇਖੀਆਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਬਾਸੂ ਵੱਲੋਂ ਤਾਲਾਬੰਦੀ ਦੌਰਾਨ ਧਾਤ ਦੇ ਪੁਰਾਣੇ ਸਾਮਾਨ ਨੂੰ ਇਕੱਠਾ ਕਰਕੇ ਨਾਯਾਬ ਮੂਰਤਾਂ ਬਣਾਉਣ ਦਾ ਕੀਤਾ ਗਿਆ ਇਹ ਉਪਰਾਲਾ ਅਤੇ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ ਕਿ ਕਿਵੇਂ ਇੱਕ ਕਲਾਕਾਰ ਅਤੇ ਇਨਸਾਨ ਚਣੌਤੀਆਂ ਵਿੱਚੋਂ ਵੀ ਸੰਭਾਵਨਾਵਾਂ ਲੱਭ ਸਕਦਾ ਹੈ।
ਉਨ੍ਹਾਂ ਜਲੰਧਰ ਸ਼ਹਿਰ ਦੇ ਵਸਨੀਕਾਂ ਅਤੇ ਕਲਾ ਪ੍ਰੇਮੀਆਂ ਨੂੰ ਵਿਰਸਾ ਵਿਹਾਰ ਵਿਖੇ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਪੁੱਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਹਿਰਵਾਸੀਆਂ ਨੂੰ ਇਸ ਪ੍ਰਦਰਸ਼ਨੀ ਵਿੱਚ ਉਤਮ ਕਲਾ ਦਾ ਨਮੂਨਾ ਦੇਖਣ ਨੂੰ ਮਿਲੇਗਾ।
ਜ਼ਿਕਰਯੋਗ ਹੈ ਕਿ ਤਾਲਾਬੰਦੀ ਦੌਰਾਨ ਬਾਸੂ ਵੱਲੋਂ 50 ਦੇ ਕਰੀਬ ਧਾਤ ਦੀਆਂ ਮੂਰਤਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰਦਰਸ਼ਨੀ ਵਿਰਸਾ ਵਿਹਾਰ ਵਿਖੇ ਲਗਾਈ ਗਈ ਹੈ। ਬਾਸੂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਨੂੰ ਦੋ ਵੱਖ-ਵੱਖ ਵਨੰਗੀਆਂ ਹੇਠ ਰੱਖਿਆ ਗਿਆ ਹੈ। ਇਕ ਹੈ “ਅਯੰਤਰੀ ਜੋ ਯੰਤਰ/ਮਸ਼ੀਨ ਨਹੀਂ ਹੈ, ਜਿਸ ਵਿੱਚ ਭਾਵਨਾ ਹੈ। ਦੂਜੀ ਸਿਰੀਜ਼ ਦੀਆਂ ਕਲਾਕ੍ਰਿਤਾਂ ਦਾ ਸਿਰਲੇਖ ਹੈ “ਲੌਸਟ ਮੈਲੋਡੀ“, ਜੋ ਕਿ ਕੋਰੋਨਾ ਕਾਲ ਦੌਰਾਨ ਜ਼ਿੰਦਗੀ ਦੇ ਸੁਰ-ਤਾਲ ਦੇ ਗੁੰਮ ਹੋ ਜਾਣ ਨੂੰ ਬਿਆਨ ਕਰਦੀ ਹੈ।
ਇਸ ਮੌਕੇ ਜੀ.ਓ.ਜੀਜ਼ ਦੇ ਜ਼ਿਲ੍ਹਾ ਮੁਖੀ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ, ਸ਼੍ਰੀ ਅਲੋਕ ਸੌਂਧੀ, ਗੌਤਮ ਕਪੂਰ, ਪੂਰਨਿਮਾ ਬੇਰੀ, ਰਜਿੰਦਰ ਕਲਸੀ, ਸ਼੍ਰੀ ਰਮੇਸ਼ ਮਿੱਤਲ, ਏ.ਪੀ.ਜੇ. ਯੂਨੀਵਰਸਿਟੀ ਤੋਂ ਡਾ. ਸੁਚਰਿਤਾ ਸ਼ਰਮਾ ਮੌਜੂਦ ਸਨ ।