ਪੋਸ਼ਣ ਮਾਹ ਦੌਰਾਨ ‘ਮਾਤਰੂ ਵੰਧਨਾ ਸਪਤਾਹ’ ਮਨਾਇਆ
ਸੰਗਰੂਰ, 8 ਸਤੰਬਰ 2021 : ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਨਿਰਦੇਸ਼ਾ ਅਨੁਸਾਰ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸਤੰਬਰ ਮਹੀਨੇ ਦਾ ਪਹਿਲਾਂ ਹਫਤਾ ‘ਮਾਤਰੂ ਵੰਧਨਾ ਸਪਤਾਹ ਅਤੇ ਪੋਸ਼ਣ ਮਾਹ’ ਨੂੰ ਸਾਂਝੇ ਤੌਰ ’ਤੇ ਮਨਾਇਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦਿੱਤੀ।
ਗਗਨਦੀਪ ਸਿੰਘ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚ ਪ੍ਰਧਾਨ ਮੰਤਰੀ ਵੰਧਨਾ ਯੋਜਨਾ ਤਹਿਤ 1 ਤੋਂ 7 ਸਤੰਬਰ 2021 ਤੱਕ ‘ਮਾਤਰੂ ਵੰਧਨਾ ਸਪਤਾਹ’ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਂਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਕੀਮ ਅਧੀਨ 19 ਸਾਲ ਅਤੇ ਉਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ’ਤੇ 5000 ਰੁਪਏ ਦਾ ਲਾਭ ਤਿੰਨ ਕਿਸ਼ਤਾਂ (1000+2000+2000) ਵਿੱਚ ਮੁਹੱਈਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਕਿਹਾ ਕਿ ਇਸ ਸਾਲ ‘ਮਾਤਰੂ ਵੰਧਨਾ ਸਪਤਾਹ’ ਦੌਰਾਨ ਸਿਵਲ ਸਰਜਨ ਸੰਗਰੂਰ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਜਾਰੀ ਗਤੀਵਿਧੀਆਂ ਦੀ ਸੂਚੀ ਅਨੁਸਾਰ ਸੀ.ਡੀ.ਪੀ.ਓ’ਜ਼ ਦੀ ਨਿਗਰਾਨੀ ਹੇਠ ਸੁਪਰਵਾਇਜਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਗਤੀਵਿਧੀਆਂ ਕੀਤੀਆ ਗਈਆ। ਉਨ੍ਹਾਂ ਕਿਹਾ ਕਿ 1 ਤੋਂ 7 ਸਤੰਬਰ 2021 ਤੱਕ ਸੁਪਰਵਾਇਜਰਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਪਿੰਡ-ਪਿੰਡ ਵਿਚ ‘ਪ੍ਰਧਾਨ ਮੰਤਰੀ ਮਾਤਰੂ ਵੰਧਨਾ ਯੋਜਨਾ’ ਦੇ ਜਾਗਰੂਕ ਕੈਂਪ ਲਗਾਏ ਗਏ ਅਤੇ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਕੋਵਿਡ -19 ਟੀਕਾਕਰਨ ਲਈ ਵੀ ਜਾਗਰੂਕ ਕੀਤਾ ਗਿਆ।