ਭਿੱਖੀਵਿੰਡ ਵਿਖੇ ਅੱਜ ਲੱਗੇਗਾ ਮੈਗਾ ਰੋਜ਼ਗਾਰ ਮੇਲਾ
ਤਰਨਤਾਰਨ, 08 ਸਤੰਬਰ 2021 : ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਤਰਨਤਾਰਨ ਜਿਲ੍ਹੇ ਵਿਚ 5 ਵੱਡੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਵਿਚ 10 ਹਜ਼ਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਲਈ ਚੁਣਿਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਮੈਗਾ ਰੋਜ਼ਗਾਰ ਮੇਲਿਆਂ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਦਿੱਤੀ।
ਉਨਾਂ ਦੱਸਿਆ ਕਿ 9 ਸਤੰਬਰ ਤੋਂ 17 ਸਤੰਬਰ ਤੱਕ ਵੱਖ-ਵੱਖ ਕਸਬਿਆਂ ਵਿਚ ਲਗਾਏ ਜਾ ਰਹੇ ਇੰਨਾਂ ਰੋਜ਼ਗਾਰ ਮੇਲਿਆਂ ਵਿਚ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਪਹੁੰਚ ਰਹੀਆਂ ਹਨ, ਜਿਨਾਂ ਤੋਂ ਰੋਜ਼ਗਾਰ ਦੇ ਚੰਗੇ ਪ੍ਰਸਾਤਵ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਲੋੜਵੰਦ ਬੱਚਿਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਇੰਨਾਂ ਮੌਕਿਆਂ ਦਾ ਲਾਹਾ ਲੈਂਦੇ ਹੋਏ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾ ਰੋਜ਼ਗਾਰ ਮੇਲਾ ਕੱਲ 9 ਸਤੰਬਰ ਨੂੰ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ, 10 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਪੱਟੀ, 13 ਸਤੰਬਰ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਕਲਾਂ, 15 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਅਤੇ 17 ਸਤੰਬਰ ਨੂੰ ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ਵਿਖੇ ਸਵੇਰੇ 9 ਤੋਂ 3 ਵਜੇ ਤੱਕ ਇਹ ਮੇਲੇ ਲੱਗਣਗੇ। ਉਨਾਂ ਮੀਟਿੰਗ ਵਿਚ ਸ਼ਾਮਿਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਨਾਂ ਮੇਲਿਆਂ ਵਿਚ 25 ਹਜ਼ਾਰ ਦੇ ਕਰੀਬ ਬੱਚਿਆਂ ਦੇ ਪਹੁੰਚਣ ਦੀ ਆਸ ਹੈ, ਇਸ ਲਈ ਬੱਚਿਆਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਤਿਆਰੀਆਂ ਕੀਤੀਆਂ ਜਾਣ, ਤਾਂ ਜੋ ਬੱਚਿਆਂ ਅਤੇ ਕੰਪਨੀਆਂ ਦੇ ਨੁੰਮਾਇਦਿਆਂ ਨੂੰ ਕੋਈ ਮੁਸ਼ਿਕਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਮੇਲਿਆਂ ਵਿਚ ਮਿਲਦੇ ਮੌਕੇ ਪ੍ਰਾਪਤ ਕਰਨ ਤੋਂ ਪਿੱਛੇ ਨਾ ਰਹਿਣ, ਬਲਕਿ ਆਪਣੇ ਜੀਵਨ ਦੀ ਚੰਗੀ ਸ਼ੁਰੂਆਤ ਲਈ ਇੰਨਾਂ ਕੰਪਨੀਆਂ ਦੀ ਚੋਣ ਪ੍ਰਕਿਆ ਵਿਚੋਂ ਗੁਜ਼ਰਨ, ਜਿਸ ਨਾਲ ਉਨਾਂ ਨੂੰ ਕਈ ਤਰਾਂ ਦੇ ਤਜਰਬੇ ਹਾਸਿਲ ਹੋਣਗੇ, ਜੋ ਕਿ ਉਨਾਂ ਦੇ ਭਵਿੱਖ ਵਿਚ ਮਦਦਗਾਰ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਨੇ ਸਵੈ ਰੋਜ਼ਗਾਰ ਨਾਲ ਜੁੜੇ ਵੱਖ-ਵੱਖ ਅਦਾਰੇ, ਜਿਸ ਵਿਚ ਡੇਅਰੀ, ਖੇਤੀ, ਇੰਡਸਟਰੀ ਅਤੇ ਵੱਖ-ਵੱਖ ਬੈਂਕ ਸ਼ਾਮਿਲ ਹਨ, ਨੂੰ ਵੀ ਹਦਾਇਤ ਕੀਤੀ ਕਿ ਉਹ ਇੰਨਾਂ ਮੇਲਿਆਂ ਵਿਚ ਸਵੈ ਰੋਜ਼ਗਾਰ ਆਪਣੇ ਸਟਾਲ ਲਗਾ ਕੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਖੋਲਣ ਲਈ ਜ਼ਰੂਰੀ ਸਲਾਹ-ਮਸ਼ਵਰਾ ਅਤੇ ਕਰਜ਼ਾ ਸਹੂਲਤਾਂ ਦੀ ਜਾਣਕਾਰੀ ਵੀ ਦੇਣ, ਤਾਂ ਜੋ ਕੋਈ ਨੌਜਵਾਨ ਜੋ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ, ਨੂੰ ਅਸਾਨੀ ਹੋ ਸਕੇ। ਇਸ ਮੌਕੇ ਐਸ ਪੀ ਸ੍ਰੀ ਬਲਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਅਮਨਬੀਰ ਸਿੰਘ, ਡੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ, ਬੀ ਡੀ ਪੀ ਓ ਸ੍ਰੀ ਤਜਿੰਦਰ ਸਿੰਘ, ਰੋਜ਼ਗਾਰ ਅਫਸਰ ਸ. ਪ੍ਰਭਜੋਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।