ਪਟਿਆਲਾ ਜ਼ਿਲ੍ਹੇ ‘ਚ ਚੋਣ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਤੋਂ ਬਾਅਦ 121 ਚੋਣ ਸਟੇਸ਼ਨਾਂ ਦਾ ਵਾਧਾ
ਪਟਿਆਲਾ, 07 ਸਤੰਬਰ 2021 : ਭਾਰਤ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ 1200 ਤੋਂ ਵਧੇਰੇ ਵੋਟਰਾਂ ਦੀ ਗਿਣਤੀ ਵਾਲੇ ਚੋਣ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਨੇ ਜ਼ਿਲ੍ਹੇ ਦੀਆਂ ਰਾਜਨੀਤਕ ਪਾਰਟੀਆਂ ਨਾਲ ਮੀਟਿੰਗ ਕਰਕੇ, ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਧੇ ਹੋਏ ਚੋਣ ਸਟੇਸ਼ਨਾਂ ਬਾਰੇ ਜਾਣਕਾਰੀ ਦਿੱਤੀ।
ਸ੍ਰੀਮਤੀ ਗਰੇਵਾਲ ਨੇ ਮੀਟਿੰਗ ‘ਚ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 1200 ਮਤਦਾਤਾਵਾਂ ਦਾ ਅੰਕੜਾ ਪਾਰ ਕਰਨ ਅਤੇ ਦੋ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਨੂੰ ਆਧਾਰ ਮੰਨਦੇ ਹੋਏ, ਤਰਕਸੰਗਤਤਾ ਕੀਤੀ ਗਈ ਸੀ। ਇਸ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਬਾਅਦ ਜ਼ਿਲ੍ਹੇ ‘ਚ 121 ਚੋਣ ਸਟੇਸ਼ਨਾਂ ਦਾ ਵਾਧਾ ਹੋਇਆ ਹੈ। ਇਸ ਨਾਲ ਹੁਣ ਮੌਜੂਦਾ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1663 ਤੋਂ ਵਧ ਕੇ 1784 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਬੂਥਾਂ ‘ਤੇ ਮਤਦਾਤਾਵਾਂ ਲਈ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣ ਦਾ ਖਿਆਲ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਮਿਤੀ 1 ਜਨਵਰੀ 2022 ਨੂੰ ਆਧਾਰ ਮੰਨਦੇ ਹੋਏ 18 ਸਾਲ ਦੀ ਉਮਰ ਪੂਰੀ ਕਰਦੇ ਨਾਗਰਿਕਾਂ ਦੀਆਂ ਨਵੀਂਆਂ ਵੋਟਾਂ ਮਿਤੀ 1 ਨਵੰਬਰ ਤੋਂ 30 ਨਵੰਬਰ ਤੱਕ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੇ ਵੋਟਰ ਹੁਣ ਹੀ 18 ਸਾਲ ਦੀ ਉਮਰ ਪੂਰੀ ਕਰਦੇ ਹਨ, ਉਹ ਐਨ ਵੀ ਐਸ ਪੀ ਪੋਰਟਲ ‘ਤੇ ਆਨਲਾਈਨ ਬਿਨੇ ਕਰ ਸਕਦੇ ਹਨ।
ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਨੂੰ ਚੋਣ ਬੂਥ ਵਾਰ ਮਰ ਚੁੱਕੇ ਜਾਂ ਪਤਾ ਬਦਲ ਚੁੱਕੇ ਮਤਦਾਤਾਵਾਂ ਦੀ ਜਾਣਕਾਰੀ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਮੁਹੱਈਆ ਕਰਵਾਉਣ ਲਈ ਕਿਹਾ। ਮੀਟਿੰਗ ‘ਚ ਕਾਂਗਰਸ, ਸ੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੁਮਾਇੰਦੇ ਅਤੇ ਚੋਣ ਤਹਿਸੀਲਦਾਰ ਰਾਮ ਜੀ ਲਾਲ ਵੀ ਮੌਜੂਦ ਸਨ।