ਕੌਮੀ ਖੁਰਾਕ ਹਫ਼ਤੇ ਤਹਿਤ ਮਾਸ ਮੀਡੀਆ ਵਿੰਗ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ
ਸੰਗਰੂਰ, 6 ਸਤੰਬਰ 2021 : ਸਿਹਤ ਵਿਭਾਗ ਸੰਗਰੂਰ ਵੱਲੋਂ ਚੰਗੀ ਅਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ ਤੋਂ 7 ਸਤੰਬਰ ਤੱਕ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦਿੱਤੀ।
ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਵੱਖ ਵੱਖ ਸਿਹਤ ਸੈਂਟਰਾਂ ਅਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਇਸ ਤਹਿਤ ਲੋਕਾਂ ਨੂੰ ਚੰਗੀ ਸਿਹਤ ਲਈ ਖੁਰਾਕ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਸ ਮੀਡੀਆ ਵਿੰਗ ਦੀ ਟੀਮ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਆਹਾਰ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਾਜ਼ਾ ਸਬਜ਼ੀਆਂ ਅਤੇ ਫਲ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਭੋਜਨ ’ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਰੂਰੀ ਤੱਤਾਂ ਦੀ ਘਾਟ ਪੂਰੀ ਕਰਨ ਲਈ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਜੋ ਕਿ ਸਿਹਤ ਕੇਂਦਰਾਂ ਵਿਖੇ ਮੁਫ਼ਤ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਬੱਚੇ ਵਿਟਾਮਿਨ ਏ ਦੀ ਕਮੀ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਨੌੰ ਮਹੀਨੇ ਤੋਂ ਲੈ ਕੇ ਪੰਜ ਸਾਲ ਦੀ ਉਮਰ ਤਕ ਛੇ -ਛੇ ਮਹੀਨੇ ਦੇ ਵਕਫੇ ਦੌਰਾਨ ਵਿਟਾਮਿਨ ਏ ਦੀਆਂ ਨੌਂ ਖੁਰਾਕਾਂ ਦੇਣੀਆਂ ਚਾਹੀਦੀਆਂ ਹਨ।
ਇਸ ਮੌਕੇ ਸ੍ਰੀ ਲਖਵਿੰਦਰ ਸਿੰਘ ਵਿਰਕ ਅਤੇ ਸ੍ਰੀਮਤੀ ਸਰੋਜ ਰਾਣੀ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ, ਸ੍ਰੀਮਤੀ ਅਮਰਜੀਤ ਕੌਰ ਐਲ.ਐਚ.ਵੀ, ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਗਗਨ ਪਾਲ ਏ.ਐਨ.ਐਮ ਹਾਜ਼ਰ ਸਨ।