ਕੋਵਿਡ ਮਹਾਮਾਰੀ ਦੌਰਾਨ ਮਾਸੂਮ ਬੱਚੀ ਲਈ ਆਰ.ਬੀ.ਐਸ.ਕੇ. ਯੋਜਨਾ ਬਣੀ ਜੀਵਨਦਾ
ਫਾਜ਼ਿਲਕਾ 6 ਸਤੰਬਰ 2021 : ਦਿਲ ਦੇ ਰੋਗ ਤੋਂ ਪੀੜਤ ਇਕ ਸਾਲ ਦੀ ਸਹਜਪ੍ਰੀਤ ਕੌਰ ਦੇ ਲਈ ਕੋਵਿਡ ਮਹਾਮਾਰੀ ਅਤੇ ਇਸ ਦਾ ਮਹਿੰਗਾ ਇਲਾਜ ਵੱਡੀ ਮੁਸੀਬਤ ਬਣ ਕੇ ਆਇਆ ਪਰੰਤੂ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਨਾ ਕੇਵਲ ਸਹਜਪ੍ਰੀਤ ਦਾ ਇਲਾਜ ਕਰਵਾਇਆ ਗਿਆ ਸਗੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਰਾਹਤ ਦਵਾਈ ਜੋ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਇਲਾਜ ਦੇ ਲਈ ਤੜਫ ਰਹੇ ਸਨ। ਮੁਸੀਬਤ ਦੇ ਬਾਵਜੂਦ ਵੀ ਇਸ ਮਾਸੂਮ ਦਾ ਰਾਜ ਦੇ ਨਿੱਜੀ ਹਸਪਤਾਲ ਫੋਰਟਿਸ ਮੋਹਾਲੀ ਵਿੱਚ ਦਿਲ ਦੇ ਛੇਕ ਦਾ ਸਫ਼ਲ ਆਪ੍ਰਸ਼ੇਨ ਹੋਇਆ। ਇਸ ਨੇਕ ਕੰਮ ਵਿੱਚ ਅਰਨੀਵਾਲਾ ਦੀ ਟੀਮ ਦੇ ਇੰਚਾਰਜ ਡਾ. ਅਸ਼ੀਸ਼ ਗਰੋਵਰ ਅਤੇ ਸਿਵਲ ਸਰਜਨ ਦਫ਼ਤਰ ਵਿੱਚ ਤੈਨਾਤ ਅਰਨੀਵਾਲਾ ਦੇ ਕੋਆਰਡੀਨੇਟਰ ਬਲਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਗਰੋਵਰ ਨੇ ਦੱਸਿਆ ਕਿ ਇਕ ਸਾਲ ਦੀ ਬੱਚੀ ਦੇ ਦਿਲ ਵਿੱਚ ਛੇਕ ਸੀ ਜਿਸ ਦੇ ਚੱਲਦੇ ਉਸ ਦੀ ਪ੍ਰਾਇਮਰੀ ਰਿਪੋਰਟ ਕਰਵਾਈ ਗਈ ਹਲਾਂਕਿ ਉਸ ਸਮੇਂ ਕੋਵਿਡ ਦੀ ਦੂਜੀ ਲਹਿਰ ਹੋਣ ਕਰਕੇ ਆਪ੍ਰੇਸ਼ਨ ਦਾ ਸਮਾਂ ਨਹੀਂ ਮਿਲ ਰਿਹਾ ਸੀ ਪਰ ਕੋਸ਼ਿਸਾਂ ਦੇ ਬਾਵਜੂਦ ਜੁਲਾਈ/ਅਗਸਤ ਦਾ ਸਮਾਂ ਫੋਰਟਿਸ ਹਸਪਤਾਲ ਵਿੱਚ ਮਿਲਿਆ। ਇਸ ਦਾ ਖਰਚਾ ਸਰਕਾਰੀ ਯੋਜਨਾ ਤੇ ਤਹਿਤ ਸਰਕਾਰ ਵੱਲੋਂ ਕੀਤਾ ਗਿਆ ਹੈ। ਜਿਸ ਵਿੱਚ ਮਰੀਜ਼ ਦਾ ਇਕ ਰੁਪਇਆ ਵੀ ਖਰਚ ਨਹੀਂ ਆਇਆ ਹੈ।
ਡਾ. ਅਸ਼ੀਸ਼ ਗਰੋਵਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਟੀਮ ਨੇ ਬੱਚੀ ਦੇ ਘਰ ਦਾ ਦੌਰਾ ਕਰਕੇ ਉਸ ਦਾ ਹਾਲ ਚਾਲ ਜਾਣਿਆ। ਇਸ ਮੌਕੇ ਪਰਿਵਾਰ ਵਾਲਿਆਂ ਨੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਬੱਚੀ ਦੇ ਲਈ ਨਵਾਂ ਜੀਵਨ ਲੈ ਕੇ ਆਈ ਹੈ। ਬੱਚੀ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਮੁਫ਼ਤ ਇਲਾਜ ਹੋਇਆ ਹੈ ਜਦਕਿ ਪ੍ਰਾਈਵੇਟ ਤੌਰ ਤੇ ਇਸ ਦਾ ਖਰਚਾ 4 ਲੱਖ ਦੇ ਕਰੀਬ ਸੀ ਜੋ ਕਿ ਉਨ੍ਹਾਂ ਦੇ ਵੱਸ ਤੋਂ ਬਾਹਰ ਦੀ ਗੱਲ ਸੀ। ਐਸ.ਐਮ.ਓ. ਡਾ: ਕਰਮਜੀਤ ਸਿੰਘ ਨੇ ਟੀਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਬਲਾਕ ਡੱਬਵਾਲਾ ਕਲਾਂ ਦੀ ਟੀਮ ਦਾ ਕੰਮ ਕਾਬਲੇਤਰੀਫ ਹੈ ਜਿਸ ਸਕਦਾ ਆਰ.ਬੀ.ਐਸ.ਕੇ. ਯੋਜਨਾ ਮਾਸੂਮ ਬੱਚੀ ਦੇ ਲਈ ਵਰਦਾਨ ਸਾਬਤ ਹੋਈ ਹੈ।
ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਰਾਜ ਸਰਕਾਰ ਦੇ ਸਹਿਯੋਗ ਨਾਲ ਇਹ ਸਕੀਮ ਚੱਲ ਰਹੀ ਹੈ। ਇਸ ਵਿੱਚ ਆਂਗਨਵਾੜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ (0 ਤੋਂ 18) ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਬੱਚਿਆਂ ਵਿੱਚ ਜਨਮ ਜਾਤ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਮੰਦਬੁੱਧੀ, ਬੋਲਣ ਵਿੱਚ ਦੇਰੀ, ਦੰਦਾਂ ਦੀਆਂ ਬਿਮਾਰੀਆਂ, ਟੇਢੇ ਪੈਰ, ਰੀੜ੍ਹ ਦੀ ਹੱਡੀ ਵਿਚ ਸੋਜ਼ ਸਮੇਤ 30 ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਡੇ ਆਪ੍ਰੇਸ਼ਨਾਂ ਦੇ ਲਈ ਪੰਜਾਬ ਦੇ 9 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ।
ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ ਅਤੇ ਲੋਕਾਂ ਵਿੱਚ ਸਿਹਤ ਸਹੂਲਤਾਂ ਦੇ ਬਾਰੇ ਵਿੱਚ ਜਾਗਰੂਕਤਾ ਵਧੀ ਹੈ। ਬਲਾਕ ਡੱਬਵਾਲਾ ਦੇ ਅਧੀਨ ਪੈਂਦੇ ਸਕੂਲਾਂ ਵਿੱਚ ਬੱਚਿਆਂ ਦੀਆਂ ਅੱਖਾਂ ਦੇ ਚਸ਼ਮੇ ਅਤੇ ਕੰਨਾਂ ਦੀਆਂ ਮਸ਼ੀਨਾਂ ਵੀ ਮਿਲ ਰਹੀਆਂ ਹਨ।