ਏ.ਡੀ.ਸੀ. ਵੱਲੋਂ ਮਗਨਰੇਗਾ ਸਕੀਮ ਅਧੀਨ ਦਿੱਤੇ ਟੀਚੇ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਹਦਾਇਤ
ਜਲੰਧਰ, 01 ਸਤੰਬਰ 2021 : ਸਾਲ 2021-22 ਦੌਰਾਨ ਮਗਨਰੇਗਾ ਸਕੀਮ ਅਧੀਨ ਜਾਰੀ ਟੀਚੇ ਅਤੇ ਵੱਖ-ਵੱਖ ਸਕੀਮਾਂ ਅਧੀਨ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜਲੰਧਰ, ਡਿਪਟੀ.ਸੀ.ਈ.ਓ., ਜ਼ਿਲ੍ਹਾ ਪ੍ਰੀਸ਼ਦ, ਡਿਪਟੀ ਈ.ਐਸ.ਏ, ਐਕਸੀਅਨ ਪੰਚਾਇਤੀ ਰਾਜ, ਡਿਪਟੀ ਡਾਇਰੈਕਟਰ (ਡੀ.ਬੀ.ਈ.ਈ) ਅਤੇ ਸਮੂਹ ਬੀ.ਡੀ.ਪੀ.ਓਜ਼ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮਗਨਰੇਗਾ ਸਕੀਮ ਅਧੀਨ ਸਾਲ 2021-22 ਅਧੀਨ ਰਾਜ ਸਰਕਾਰ ਵੱਲੋਂ ਪ੍ਰਾਪਤ ਟੀਚਿਆਂ ਨੂੰ ਦਹੁਰਾਉਂਦਿਆਂ ਸਮੂਹ ਬੀ.ਡੀ.ਪੀ.ਓਜ਼ ਨੂੰ ਸਕੀਮ ਅਧੀਨ ਦਿੱਤੇ ਟੀਚੇ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ ਅਤੇ ਕਿਹਾ ਕਿ ਇਸ ਸੰਬਧੀ ਕਿਸੇ ਤਰ੍ਹਾਂ ਦੀ ਅਣਗਿਹਲੀ ਨਾ ਵਰਤੀ ਜਾਵੇ।
ਨਾਲ ਹੀ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਬਲਾਕਾਂ ਵਿੱਚ ਚੱਲ ਰਹੇ ਮਾਡਲ ਪਲੇਅ ਗਰਾਊਂਡਾਂ ਦੇ ਕੰਮਾਂ ਅਤੇ ਸਕੂਲਾ ਵਿੱਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਬੀ.ਡੀ.ਪੀ.ਓਜ਼ ਨੂੰ ਨਿਜੀ ਤੌਰ ‘ਤੇ ਇਨ੍ਹਾਂ ਕੰਮਾਂ ਦੀ ਪ੍ਰਗਤੀ ਨੂੰ ਵਾਚਨ ਦੀ ਹਦਾਇਤ ਕੀਤੀ ਤਾਂ ਜੋ ਜਲਦ ਤੋਂ ਜਲਦ ਇਨ੍ਹਾਂ ਕੰਮਾਂ ਨੂੰ ਮੁਕਮੰਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਮਗਨਰੇਗਾ ਸਕੀਮ ਅਧੀਨ ਬਲਾਕਵਾਰ ਪੈਂਡਿੰਗ ਜੀ.ਓ.ਟੈਗਿੰਗ ਦੀ ਸਮੀਖਿਆ ਕਰਦਿਆਂ ਉਨ੍ਹਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਇਕ ਹਫਤੇ ਦੇ ਅੰਦਰ-ਅੰਦਰ ਪੈਂਡੈਂਸੀ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ।
ਸਵਛ ਭਾਰਤ ਮਿਸ਼ਨ ਤਹਿਤ ਲਿਕੁਇਡ ਵੇਸਟ ਮੈਨੇਜਮੈਂਟ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਉਨ੍ਹਾਂ ਬੀਡੀਪੀਓਜ਼ ਨੂੰ ਕਮਿਊਨਿਟੀ ਸੈਨੇਟਰੀ ਕੰਪਲੈਕਸ ਅਧੀਨ ਚੱਲ ਰਹੇ ਕੰਮਾਂ ਦੀ ਸਥਿਤੀ ਵਿਅਕਤੀਗਤ ਤੌਰ ‘ਤੇ ਚੈੱਕ ਕਰਨ ਦੇ ਨਿਰਦੇਸ਼ ਦਿੰਦਿਆਂ ਇਸ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦਫ਼ਤਰ ਭੇਜਣ ਲਈ ਕਿਹਾ।
ਉਨ੍ਹਾਂ ਸਮਾਰਟ ਵਿਲੇਜ ਕੰਪੇਨ 1-2 ਤਹਿਤ ਕਰਵਾਏ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁਕੰਮਲ ਹੋ ਚੁੱਕੇ ਕੰਮਾਂ ਦੇ ਯੂ.ਸੀ. ਜਲਦੀ ਤੋਂ ਜਲਦੀ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਐਮ.ਪੀ.ਲੈਡ ਅਤੇ ਹੋਰ ਸਕੀਮਾਂ ਅਧੀਨ ਕਰਵਾਏ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਹੇ ਰੋਜ਼ਗਾਰ ਮੇਲਿਆਂ ਸਬੰਧੀ ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਮੂਹ ਬੀ.ਡੀ.ਪੀ.ਓਜ਼ ਨੂੰ ਸਰਪੰਚਾ ਨੂੰ ਸ਼ਾਮਲ ਕਰਦਿਆਂ ਪਿੰਡਾ ਵਿੱਚ ਲਾਊਡ ਸਪੀਕਰ ਰਾਹੀਂ ਮੁਨਾਦੀ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਿੰਡਾਂ ਦੇ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਲਾਭ ਲੈ ਸਕਣ ।