ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨਗਰ ਕੀਰਤਨ ਦੇ ਸਵਾਗਤ ਪ੍ਰਬੰਧਾਂ ਦੀ ਕੀਤੀ ਸਮੀਖਿਆ
– ਸੰਤ ਸਮਾਜ ਨਾਲ ਪ੍ਰਬੰਧਾਂ ਬਾਰੇ ਕੀਤੀ ਚਰਚਾ
(Rajinder Kumar) ਹੁਸ਼ਿਆਰਪੁਰ, 18 ਨਵੰਬਰ 2025: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਅਤੇ ਮਹਾਨ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਅੱਜ ਇਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕੀਤੀ, ਜਿਸ ਵਿਚ ਸੰਤ ਸਮਾਜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਵੀ ਮੌਜੂਦ ਸਨ। ਮੀਟਿੰਗ ਦੌਰਾਨ ਲੋਕ ਸਭਾ ਮੈਂਬਰ ਅਤੇ ਵਿਧਾਇਕ ਨੇ ਸੰਤ ਸਮਾਜ ਨਾਲ ਮਿਲ ਕੇ ਚੱਬੇਵਾਲ ਵਿਧਾਨ ਸਭਾ ਹਲਕੇ ਵਿਚੋਂ ਲੰਘਦੇ ਨਗਰ ਕੀਰਤਨ ਰੂਟ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ।
ਉਨ੍ਹਾਂ ਨੇ ਰੂਟ ਦੇ ਹਰੇਕ ਮਹੱਤਵਪੂਰਨ ਹਿੱਸੇ ਦੀਆਂ ਜ਼ਿੰਮੇਵਾਰੀਆਂ, ਇਕੱਠ ਪ੍ਰਬੰਧਨ, ਸੁਰੱਖਿਆ ਪ੍ਰਬੰਧਾਂ, ਸਵਾਗਤ ਸਥਾਨਾਂ ਅਤੇ ਲੰਗਰ ਸਥਾਨਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪੂਰੇ ਖੇਤਰ ਵਿਚ ਸਫ਼ਾਈ, ਬਿਜਲੀ, ਪਾਣੀ, ਡਾਕਟਰੀ ਸੇਵਾਵਾਂ ਅਤੇ ਟ੍ਰੈਫਿਕ ਪ੍ਰਬੰਧਨ ਦੇ ਪ੍ਰਬੰਧ ਪਹਿਲਾਂ ਤੋਂ ਹੀ ਯਕੀਨੀ ਬਣਾਉਣ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਅਤੇ ਧਰਮ ਦੀ ਰੱਖਿਆ ਦਾ ਸਰਵਉੱਚ ਸੰਦੇਸ਼ ਹੈ। ਅਜਿਹੇ ਪਵਿੱਤਰ ਮੌਕੇ ‘ਤੇ ਨਗਰ ਕੀਰਤਨ ਦਾ ਸਵਾਗਤ ਪੂਰੀ ਸ਼ਰਧਾ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਬੰਧਨ ਨਾਲ ਕੀਤਾ ਜਾਵੇਗਾ। ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਾਰੀਆਂ ਸੰਸਥਾਵਾਂ ਦੀ ਸ਼ਮੂਲੀਅਤ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਨਗਰ ਕੀਰਤਨ ਦੇ ਰੂਟ ‘ਤੇ ਸਾਰੇ ਜ਼ਰੂਰੀ ਪ੍ਰਬੰਧ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਹਰੇਕ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਵੱਖ-ਵੱਖ ਥਾਵਾਂ ‘ਤੇ ਸਵਾਗਤ, ਜਲ ਸੇਵਾ ਅਤੇ ਲੰਗਰ ਲਗਾਏ ਜਾਣਗੇ। ਲੋਕ ਸਭਾ ਮੈਂਬਰ ਅਤੇ ਵਿਧਾਇਕ ਦੋਵਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਹ ਮੌਕਾ ਸਮੁੱਚੇ ਸਮਾਜ ਲਈ ਸ਼ਰਧਾ ਅਤੇ ਏਕਤਾ ਦਾ ਪ੍ਰਤੀਕ ਹੈ, ਇਸ ਲਈ ਪ੍ਰਬੰਧਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਸੀ ਸਹਿਯੋਗ ਨਾਲ ਇਹ ਨਗਰ ਕੀਰਤਨ ਇਤਿਹਾਸਕ ਅਤੇ ਮਿਸਾਲੀ ਢੰਗ ਨਾਲ ਸੰਪੂਰਨ ਹੋਵੇਗਾ।
ਇਸ ਮੌਕੇ ਸੰਤ ਬਲਬੀਰ ਸਿੰਘ ਹਰਿਆਣਾ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਨਗਰ ਸਿੰਘ ਹਰੀਆਂ ਵੇਲਾਂ, ਸੰਤ ਸੁੱਖਾ ਸਿੰਘ ਪੀਰਬਾਲਾ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਬਲਬੀਰ ਸਿੰਘ ਟੂਟੋਮਜਾਰਾ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਲਰਾਜ ਸਿੰਘ ਜਿਆਣ ਤੇ ਸੰਤ ਓਂਕਾਰ ਸਿੰਘ ਵੀ ਮੌਜੂਦ ਸਨ।
