ਵਿਧਾਇਕ ਜਿੰਪਾ ਫੌਜੀ ਅਧਿਕਾਰੀਆਂ ਦੀ ਮੌਜੂਦਗੀ ‘ਚ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨਗੇ ਇਤਿਹਾਸਕ ਟੀ-55 ਟੈਂਕ
-19 ਨਵੰਬਰ ਨੁੰ ਗ੍ਰੀਨ ਵਿਊ ਪਾਰਕ ‘ਚ ਹੋਵੇਗਾ ਸ਼ਾਨਦਾਰ ਰਸਮੀ ਸਮਾਗਮ
-ਕਿਹਾ, ਇਤਿਹਾਸਕ ਟੀ-55 ਟੈਂਕ ਸ਼ਹਿਰ ਦਾ ਵਧਾਵੇਗਾ ਮਾਣ
-ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਤੇ ਨਾਗਰਿਕਾਂ ਨੂੰ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ
-ਸਾਬਕਾ ਸੈਨਿਕ ਵੀ ਵਿਸ਼ੇਸ਼ ਤੌਰ ‘ਤੇ ਹੋਣਗੇ ਸ਼ਾਮਿਲ
(Rajinder Kumar) ਹੁਸ਼ਿਆਰਪੁਰ, 18 ਨਵੰਬਰ 2025: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਵੀਰਤਾ ਦੇ ਗਵਾਹ ਬਣੇ ਇਤਿਹਾਸਕ ਟੀ-55 ਜੰਗੀ ਟੈਂਕ ਨੂੰ ਹੁਸ਼ਿਆਰਪੁਰ ਦੇ ਗ੍ਰੀਨ ਵਿਊ ਪਾਰਕ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੈਂਕ ਸਿਰਫ਼ ਇਕ ਫ਼ੌਜੀ ਵਿਰਾਸਤ ਨਹੀਂ ਹੈ, ਸਗੋਂ ਭਾਰਤੀ ਫ਼ੌਜ ਦੀ ਬਹਾਦਰੀ, ਕੁਰਬਾਨੀ ਅਤੇ ਦੇਸ਼ ਭਗਤੀ ਦਾ ਇਕ ਜੀਵੰਤ ਪ੍ਰਤੀਕ ਹੈ ਅਤੇ ਇਸ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨਾ ਆਪਣੇ ਆਪ ਵਿਚ ਇਕ ਮਾਣ ਵਾਲਾ ਪਲ ਹੈ।
ਉਨ੍ਹਾਂ ਦੱਸਿਆ ਕਿ 19 ਨਵੰਬਰ ਨੂੰ ਸਵੇਰੇ 10 ਵਜੇ ਗ੍ਰੀਨ ਵਿਊ ਪਾਰਕ ਵਿਚ ਫ਼ੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਇਤਿਹਾਸਕ ਟੈਂਕ ਨੂੰ ਰਸਮੀ ਤੌਰ ‘ਤੇ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਹੁਸ਼ਿਆਰਪੁਰ ਦੇ ਨਾਗਰਿਕ ਬਹਾਦਰ ਸੈਨਿਕਾਂ ਦੀ ਹਿੰਮਤ ਅਤੇ ਸਮਰਪਣ ਨੂੰ ਸ਼ਰਧਾਂਜਲੀ ਦੇਣ ਲਈ ਫ਼ੌਜੀ ਅਧਿਕਾਰੀਆਂ ਦਾ ਸਨਮਾਨ ਵੀ ਕਰਨਗੇ। ਸਾਬਕਾ ਸੈਨਿਕ ਵੀ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ।
ਵਿਧਾਇਕ ਜਿੰਪਾ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਗਠਨਾਂ, ਵਪਾਰਕ ਸੰਗਠਨਾਂ, ਔਰਤਾਂ ਅਤੇ ਨੌਜਵਾਨ ਸਮੂਹਾਂ ਅਤੇ ਸ਼ਹਿਰ ਦੇ ਸਾਰੇ ਸਤਿਕਾਰਯੋਗ ਨਾਗਰਿਕਾਂ ਨੂੰ ਇਸ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਭਾਰਤੀ ਫ਼ੌਜ ਦਾ ਸਨਮਾਨ ਕਰਕੇ ਇਸ ਇਤਿਹਾਸਕ ਦਿਨ ਨੂੰ ਹੋਰ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮਾਗਮ ਕਿਸੇ ਵੀ ਤਰ੍ਹਾਂ ਰਾਜਨੀਤਿਕ ਨਹੀਂ ਹੈ ਸਗੋਂ ਸਮਾਜ ਅਤੇ ਦੇਸ਼ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਟੀ-55 ਟੈਂਕ ਦੀ ਸਥਾਪਨਾ ਸ਼ਹਿਰ ਲਈ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ। ਇਹ ਟੈਂਕ ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਨੂੰ 1971 ਦੀ ਜੰਗ ਦੀ ਸ਼ਾਨਦਾਰ ਗਾਥਾ ਤੋਂ ਜਾਣੂ ਕਰਵਾਏਗਾ, ਸਗੋਂ ਦੇਸ਼ ਭਗਤੀ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰਤੀ ਸੇਵਾ ਲਈ ਵੀ ਪ੍ਰੇਰਿਤ ਕਰੇਗਾ। ਗ੍ਰੀਨ ਵਿਊ ਪਾਰਕ ਵਿਖੇ ਜੰਗੀ ਯਾਦਗਾਰ ਦੇ ਨੇੜੇ ਇਸ ਵਿਰਾਸਤੀ ਸਥਾਨ ਦੀ ਸਥਾਪਨਾ ਸ਼ਹਿਰ ਦੀ ਫ਼ੌਜੀ ਵਿਰਾਸਤ ਨੂੰ ਹੋਰ ਅਮੀਰ ਬਣਾਏਗੀ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਇਸ ਅਨਮੋਲ ਵਿਰਾਸਤ ਨੂੰ ਹੁਸ਼ਿਆਰਪੁਰ ਨੂੰ ਸੌਂਪਣਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਹ ਸਿਰਫ਼ ਇਕ ਟੈਂਕ ਦਾ ਉਦਘਾਟਨ ਨਹੀਂ ਹੈ, ਸਗੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਅਦੁੱਤੀ ਹਿੰਮਤ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ। ਉਨ੍ਹਾਂ ਨਾਗਰਿਕਾਂ ਨੂੰ ਇਸ ਇਤਿਹਾਸਕ ਮੌਕੇ ਦੇ ਗਵਾਹ ਬਣਨ ਅਤੇ ਆਪਣੇ ਸ਼ਹਿਰ ਦੇ ਇਸ ਮਾਣਮੱਤੇ ਪਲ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
