ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਯੁਵਕ ਮੇਲਾ ਸੱਭਿਆਚਾਰਕ ਰੰਗ ਬਿਖੇਰਦਾ ਸੰਪੰਨ ਹੋਇਆ

0

– ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

(Rajinder Kumar) ਲੁਧਿਆਣਾ, 17 ਨਵੰਬਰ 2025: ਪੀ ਏ ਯੂ ਵਿਚ ਬੀਤੇ ਦਿਨਾਂ ਤੋਂ ਜਾਰੀ ਯੁਵਕ ਮੇਲਾ ਅੱਜ ਅਭੁੱਲ ਯਾਦਾਂ ਸਿਰਜਦਾ ਆਪਣੇ ਸਿਖਰ ਤੇ ਪੁੱਜ ਗਿਆ| ਅੱਜ ਇਸ ਮੇਲੇ ਦੇ ਆਖਰੀ ਦਿਨ ਕਲਾਤਮਕ ਤੇ ਲੋਕ ਨਾਚਾਂ ਦਾ ਭਰਪੂਰ ਪ੍ਰਦਰਸਨ ਦੇਖਣ ਨੂੰ ਮਿਲਿਆ| ਗਿੱਧੇ ਤੇ ਭੰਗੜੇ ਦੀਆਂ ਪੇਸਕਾਰੀਆਂ ਨੇ ਪੂਰੇ ਕੈਂਪਸ ਨੂੰ ਲੋਕ ਰੰਗ ਵਿਚ ਰੰਗ ਦਿੱਤਾ| ਅੱਜ ਦੇ ਇਸ ਦਿਨ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਅਤੇ ਯੋਜਨਾਬੰਦੀ ਬਾਰੇ ਮੰਤਰੀ ਸ. ਹਰਪਾਲ ਸਿੰਘ ਚੀਮਾ ਸਨ| ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਵਿਚ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਆਈ ਸੀ ਏ ਆਰ ਦੇ ਖੇਤੀ ਪਸਾਰ ਬਾਰੇ ਸਾਬਕਾ ਉਪ ਨਿਰਦੇਸ਼ਕ ਜਨਰਲ ਡਾ. ਰਾਮਚੰਦ, ਬੈਂਕ ਆਫ ਬੜੌਦਾ ਦੇ ਜਨਰਲ ਮੈਨੇਜਰ ਸ. ਹਰਦੀਪ ਸਿੰਘ,  ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ, ਉੱਘੇ ਫਿਲਮ ਅਦਾਕਾਰ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਸ਼ਵਿੰਦਰ ਮਾਹਲ ਅਤੇ ਉੱਘੇ ਗਾਇਕ ਹਰਦੀਪ ਗਿੱਲ, ਲੁਧਿਆਣਾ ਨਗਰ ਨਿਗਮ ਦੇ ਉਪ ਕਮਿਸ਼ਨਰ ਸ. ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਆਪਣੇ ਖੇਤਰ ਦੀਆਂ ਉੱਘੀਆਂ ਹਸਤੀਆਂ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਅਤੇ ਉੱਚ ਅਧਿਕਾਰੀ, ਅਧਿਆਪਕ ਅਤੇ ਵਿਦਿਆਰਥੀ ਭਾਰੀ ਸ਼ਮੂਲੀਅਤ ਦਾ ਗਵਾਹ ਬਣਨ ਲਈ ਮੌਜੂਦ ਸਨ|

ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿਚ ਪੀ ਏ ਯੂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਦੀ ਸਲਾਘਾ ਕੀਤੀ| ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਦੇਸ ਲਈ ਭਰਪੂਰ ਅਨਾਜ ਹੀ ਪੈਦਾ ਨਹੀਂ ਕੀਤਾ ਬਲਕਿ ਪੰਜਾਬ ਨੂੰ ਬੜੇ ਉੱਚੇ ਕੱਦ ਦੇ ਕਲਾਕਾਰ ਵੀ ਦਿੱਤੇ ਹਨ| ਸ਼੍ਰੀ ਹਰਪਾਲ ਚੀਮਾ ਨੇ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਕਲਾਤਮਕ ਅਤੇ ਅਕਾਦਮਿਕ ਰੁਚੀਆਂ ਦਾ ਸੁਮੇਲ ਹੋਣ ਨੂੰ ਜ਼ਰੂਰੀ ਦੱਸਦਿਆਂ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਉਸਦਾ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮੀ ਕਰਾਰ ਦਿੱਤਾ| ਵਿੱਤ ਮੰਤਰੀ ਨੇ ਕਿਹਾ ਕਿ ਜਿੱਤ ਹਾਰ ਦੀ ਭਾਵਨਾ ਵੀ ਸਖਸੀ ਵਿਕਾਸ ਨੂੰ ਹੁਲਾਰਾ ਦੇਣ ਤਕ ਰਹਿਣੀ ਚਾਹੀਦੀ ਹੈ ਨਾ ਕਿ ਇਸਨੂੰ ਨਿੱਜੀ ਹਉਮੈ ਦਾ ਕੋਈ ਮਸਲਾ ਬਣਾਇਆ ਜਾਵੇ| ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਗਰੂਕ ਹਨ| ਉਹਨਾਂ ਨੇ ਪੰਜਾਬੀ ਭਾਸ਼ਾ, ਵਿਰਸੇ ਅਤੇ ਕਲਾਵਾਂ ਦੀ ਸੰਭਾਲ ਨੂੰ ਅੱਜ ਦੇ ਸ਼ੋਸ਼ਲ ਮੀਡੀਆ ਯੁੱਗ ਵਿਚ ਸੰਭਾਲਣ ਲਈ ਪੀ.ਏ.ਯੂ. ਦੇ ਯੁਵਕ ਮੇਲੇ ਦੀ ਪ੍ਰਸ਼ੰਸ਼ਾ ਕੀਤੀ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸਣ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ| ਉਨ੍ਹਾਂ ਕਿਹਾ ਕਿ ਵਿਰਸੇ ਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਭ ਤੋਂ ਉਭਰਵੇਂ ਮੁੱਦੇ ਹਨ| ਡਾ ਗੋਸਲ ਨੇ ਲੋਕ ਕਲਾਵਾਂ ਨਾਲ ਜੁੜਨ ਵਾਲੇ ਕਲਾਕਾਰਾਂ ਨੂੰ ਕਿਸੇ ਕੌਮ ਦਾ ਅਨਮੋਲ ਸਰਮਾਇਆ ਕਿਹਾ ਤੇ ਆਸ ਪ੍ਰਗਟ ਕੀਤੀ ਕਿ ਪੀ.ਏ.ਯੂ. ਦੇ ਵਿਦਿਆਰਥੀ ਇਸ ਖੇਤਰ ਵਿਚ ਪ੍ਰਾਪਤੀਆਂ ਕਰਦੇ ਰਹਿਣਗੇ| ਉਨ੍ਹਾਂ ਕਿਹਾ ਕਿ ਜਿਸ ਅਨੁਸਾਸਨ ਨਾਲ ਇਹ ਮੇਲਾ ਨੇਪਰੇ ਚੜ੍ਹਿਆ ਹੈ ਉਸ ਲਈ ਭਾਗ ਲੈਣ ਵਾਲਿਆਂ ਅਤੇ ਦਰਸਕਾਂ ਦੀ ਤਾਰੀਫ ਕੀਤੀ ਜਾਣੀ ਬਣਦੀ ਹੈ|
ਨਿਰਦੇਸਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਨੂੰ ਵਿਚ ਧੰਨਵਾਦ ਕਰਦਿਆਂ ਇਸ ਯੁਵਕ ਮੇਲੇ ਦੀ ਸਫਲਤਾ ਲਈ ਨਾਲ ਜੁੜੇ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਨਾਲ ਮਹਿਮਾਨਾਂ ਅਤੇ ਜੱਜਮੈਂਟ ਨਾਲ ਜੁੜੇ ਮਾਹਿਰਾਂ ਦਾ ਧੰਨਵਾਦ ਕੀਤਾ|

ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ, ਡਾ. ਸੁਮੇਧਾ ਭੰਡਾਰੀ, ਡਾ. ਦਿਵਿਆ ਉਤਰੇਜਾ ਅਤੇ ਡਾ. ਬਿਕਰਮਜੀਤ ਸਿੰਘ ਨੇ ਕੀਤਾ| ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਮਿਊਨਟੀ ਸਾਇੰਸ ਕਾਲਜ ਨੇ ਸੱਭਿਆਚਾਰਕ ਪ੍ਰਸ਼ਨੋਤਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ| ਦੂਜੇ ਸਥਾਨ ਤੇ ਖੇਤੀਬਾੜੀ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੀਆਂ ਟੀਮਾਂ ਰਹੀਆਂ| ਤੀਸਰਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਨੂੰ ਮਿਲਿਆ|

ਮਮਿੱਕਰੀ ਵਿਚ ਕਮਿਊਨਟੀ ਸਾਇੰਸ ਦੇ ਦਿਵਿਆਂਸ਼ ਪਹਿਲੇ ਸਥਾਨ ਤੇ ਰਹੇ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੀ ਕੁਨਿਕਾ ਨੇ ਦੂਸਰਾ ਅਤੇ ਖੇਤੀਬਾੜੀ ਕਾਲਜ ਲੁਧਿਆਣਾ ਦੇ ਪਵਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ|

ਸਕਿੱਟ ਦੇ ਮੁਕਾਬਲੇ ਵਿਚ ਲੁਧਿਆਣਾ ਦੇ ਖੇਤੀਬਾੜੀ ਕਾਲਜ ਸਿਖਰ ਤੇ ਰਿਹਾ| ਬਾਗਬਾਨੀ ਕਾਲਜ ਅਤੇ ਬੇਸਿਕ ਸਾਇੰਸਜ਼ ਕਾਲਜ ਕ੍ਰਮਵਾਰ ਦੂਸਰੇ, ਤੀਸਰੇ ਸਥਾਨ ਤੇ ਰਹੇ|

About The Author

Leave a Reply

Your email address will not be published. Required fields are marked *

You may have missed