ਮੁੱਖ ਮੰਤਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਰਾਭਾ ਪਿੰਡ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ

0

– ਸ਼ਹੀਦ ਸਰਾਭਾ ਦੀ ਕੁਰਬਾਨੀ ਨੌਜਵਾਨਾਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ

– ਸ਼ਹੀਦ ਦੇ ਜੱਦੀ ਪਿੰਡ ਵਿਖੇ ਰਾਜ ਪੱਧਰੀ ਸਮਾਗਮ ਦੀ ਕੀਤੀ ਪ੍ਰਧਾਨਗੀ

– ਪੰਜਾਬ ਵਾਸੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਸਮਾਗਮਾਂ ’ਚ ਸ਼ਾਮਲ ਹੋਣ ਦਾ ਸੱਦਾ

(Rajinder Kumar) ਸਰਾਭਾ (ਲੁਧਿਆਣਾ), 16 ਨਵੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ।

ਅੱਜ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੇ ਸਤਿਕਾਰ ਵਿੱਚ ਪਿੰਡ ਸਰਾਭਾ ਲਈ 45 ਕਰੋੜ 84 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਰਾਹੀਂ ਪਿੰਡ ਦੇ ਬੁਨਿਆਦੀ ਢਾਂਚੇ, ਪੀਣ ਵਾਲਾ ਸਾਫ ਪਾਣੀ, ਖੇਡਾਂ, ਰੱਖਿਆ ਸਿਖਲਾਈ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਸਹੀ ਮਾਅਨਿਆਂ ਵਿੱਚ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਦੇ ਸਾਥੀਆਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ, ਜਗਤ ਸਿੰਘ, ਸੁਰੈਣ ਸਿੰਘ (ਵੱਡਾ), ਸ਼ਹੀਦ ਹਰਨਾਮ ਸਿੰਘ ਸਿਆਲਕੋਟੀ ਅਤੇ ਸੁਰੈਣ ਸਿੰਘ (ਛੋਟੇ) ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੂੰ ਵੀ ਉਸੇ ਦਿਨ ਫਾਂਸੀ ਦਿੱਤੀ ਗਈ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਆਪਣੇ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ਾਂ ਵਿੱਚ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਸੂਬੇ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ, ਨਗਰ ਕੀਰਤਨ, ਡਰੋਨ ਸ਼ੋਅ, ਕੀਰਤਨ ਦਰਬਾਰ ਅਤੇ ਹੋਰ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਕਿ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ ਅਤੇ ਸਿੱਖਿਆਵਾਂ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਹ ਇਤਿਹਾਸਕ ਮੌਕਾ ਮਨਾਉਣ ਦਾ ਸੁਭਾਗ ਹਾਸਲ ਹੋਇਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਮੁੱਖ ਮੰਤਰੀ ਵੱਲੋਂ ਐਲਾਨੇ ਗਏ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਵਿੱਚ ਪਿੰਡ ਲਲਤੋਂ ਕਲਾਂ ਤੋਂ ਸਰਾਭਾ ਰਾਹੀਂ ਰਾਏਕੋਟ ਅਤੇ ਹਲਵਾਰਾ ਤੱਕ ਮੌਜੂਦਾ ਦੋ-ਮਾਰਗੀ ਤੋਂ ਚਾਰ-ਮਾਰਗੀ ਸੜਕ ਨੂੰ ਚੌੜਾ ਕਰਨ ਲਈ 40 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਸੜਕ ਹਲਵਾਰਾ ਏਅਰਪੋਰਟ ਤੱਕ ਜਾਏਗੀ। ਇਸੇ ਤਰ੍ਹਾਂ 2 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਸਤਹੀ ਪਾਣੀ ਯੋਜਨਾ, 2 ਕਰੋੜ ਰੁਪਏ ਦੀ ਟਾਰਗੇਟ ਸੇਫਟੀ ਸੈੱਟਅੱਪ ਵਾਲੀ 10 ਐਮ.ਐਮ. ਇਨਡੋਰ ਸ਼ੂਟਿੰਗ ਰੇਂਜ, 10 ਲੱਖ ਰੁਪਏ ਦੀ ਲਾਗਤ ਬਾਸਕਟਬਾਲ ਗਰਾਊਂਡ ਦੀ ਮੁਰੰਮਤ ਅਤੇ 3 ਲੱਖ ਰੁਪਏ ਨਾਲ ਵਾਲੀਬਾਲ ਕੋਰਟ ਤੇ ਛੇ ਕੰਕਰੀਟ ਬੈਂਚਾਂ ਵਾਲੇ ਖੇਡ ਮੈਦਾਨ ਦਾ ਵਿਕਾਸ ਸ਼ਾਮਲ ਹੈ।

ਇਸ ਤੋਂ ਇਲਾਵਾ 89 ਲੱਖ ਰੁਪਏ ਦੀ ਲਾਗਤ ਨਾਲ ਜੰਗਲਾਤ ਨਰਸਰੀ ਨੂੰ ਨਵੀਨਤਮ ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾਵੇਗਾ। ਸੁਰੱਖਿਆ ਤੇ ਪੁਲਿਸ ਬਲਾਂ ਲਈ ਸਿਖਲਾਈ ਅਕੈਡਮੀ ਸਥਾਪਤ ਕੀਤੀ ਜਾਵੇਗੀ ਜਿਸ ਵਿੱਚ ਪਾਇਲਟ ਅਤੇ ਡਰੋਨ ਸਿਖਲਾਈ ਲਈ ਏਅਰ ਫੋਰਸ ਅਕੈਡਮੀ ਤੋਂ ਛੱਡੇ ਹੋਏ ਮਿਗ-21 ਜਹਾਜ਼ ਦੀ ਵਿਵਸਥਾ ਸ਼ਾਮਲ ਹੈ।

About The Author

Leave a Reply

Your email address will not be published. Required fields are marked *